ਰਾਜਪੁਰਾ, 9 ਜੂਨ (ਜੀ.ਪੀ. ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਇਕ ਕਿੱਲੋ ਅਫ਼ੀਮ ਸਮੇਤ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸ਼ੰਭੂ ਦੇ ਮੁੱਖ ਅਫ਼ਸਰ ਥਾਣੇਦਾਰ ਸਵਰਨ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਮਹਿਮਦਪੁਰ (ਸ਼ੰਭੂ ਸਰਹੱਦ) ਤੇ ਨਾਕਾਬੰਦੀ ਕੀਤੀ ਹੋਈ ਸੀ | ਨਾਕਾਬੰਦੀ ਦੌਰਾਨ ਇਕ ਵਿਅਕਤੀ ਜਿਸ ਦੇ ਹੱਥ 'ਚ ਇਕ ਬੈਗ ਸੀ ਪੈਦਲ ਨਾਕੇ ਤੋਂ ਲੰਘ ਰਿਹਾ ਸੀ | ਉਕਤ ਵਿਅਕਤੀ ਨੂੰ ਜਦੋਂ ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ 'ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਘਬਰਾ ਕੇ ਇੱਧਰ ਉੱਧਰ ਭੱਜਣ ਲੱਗਾ | ਜਿਸ 'ਤੇ ਪੁਲਿਸ ਪਾਰਟੀ ਨੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਜਦੋਂ ਉਸ ਦੇ ਬੈਗ ਦੀ ਤਲਾਸ਼ੀ ਕੀਤੀ ਤਾਂ ਬੈਗ ਵਿਚੋਂ ਇਕ ਕਿੱਲੋ ਅਫ਼ੀਮ ਬਰਾਮਦ ਹੋਈ | ਪੁਲਿਸ ਪਾਰਟੀ ਨੇ ਉਸ ਨੰੂ ਗਿ੍ਫ਼ਤਾਰ ਕਰਕੇ ਜਦੋਂ ਮੁੱਢਲੀ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੀ ਪਹਿਚਾਣ ਮਾਂਗੂ ਸਿੰਘ ਪੁੱਤਰ ਬਜੇ ਸਿੰਘ ਵਾਸੀ ਪਿੰਡ ਲਾਬੀਖੇੜੀ ਜ਼ਿਲ੍ਹਾ ਮੰਦਸੋਰ ਮੱਧ ਪ੍ਰਦੇਸ਼ ਵਜੋਂ ਦੱਸੀ | ਥਾਣਾ ਸ਼ੰਭੂ ਦੇ ਐੱਸ.ਐੱਚ.ਓ. ਸਵਰਨ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸ ਦੇ ਪਿਛਲੇ ਅਤੇ ਅਗਲੇ ਸੰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ | ਸ਼ੰਭੂ ਪੁਲਿਸ ਨੇ ਮਾਂਗੂ ਸਿੰਘ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |