ਨਾਭਾ, 9 ਜੂਨ (ਵਰਿੰਦਰ ਵਰਮਾ)-ਭਾਰਤੀ ਸੰਸਕਿ੍ਤੀ, ਸੰਸਕਿ੍ਤ ਭਾਸ਼ਾ ਅਤੇ ਭਾਰਤੀ ਗਿਆਨ ਪਰੰਪਰਾ ਦੇ ਸੰਰੱਖਣ ਅਤੇ ਸੰਵਰਧਨ ਦੇ ਉਦੇਸ਼ ਨਾਲ ਸੰਸਕਿ੍ਤ ਭਾਰਤੀ ਉੱਤਰ ਖੇਤਰ ਵਲੋਂ ਕਰਵਾਈ ਆਵਾਸੀ ਖੇਤਰੀ ਪ੍ਰਸ਼ਿਕਸ਼ਣ ਵਰਗ ਦੀ ਸ਼ੁਰੂਆਤ ਦਯਾਨੰਦ ਪਬਲਿਕ ਸਕੂਲ, ਪਾਂਡੂਸਰ, ਨਾਭਾ ਵਿਖੇ ਹੋਈ | ਉਦਘਾਟਨ ਸਮਾਰੋਹ ਵਿਚ ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਆਏ ਪ੍ਰਤੀਭਾਗੀਆਂ, ਅਧਿਆਪਕਾਂ, ਸੰਸਕਿ੍ਤ ਪ੍ਰੇਮੀਆਂ ਅਤੇ ਨਾਗਰਿਕਾਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਪ੍ਰਸ਼ਿਕਸ਼ਣ ਵਰਗ ਵਿਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਲਗਭਗ 120 ਪ੍ਰਤੀਭਾਗੀ ਸ਼ਾਮਲ ਹੋ ਰਹੇ ਹਨ | ਵਰਗ ਦੇ ਸੁਚਾਰੂ ਸੰਚਾਲਨ, ਸਿੱਖਿਆ ਅਤੇ ਪ੍ਰਬੰਧਾਂ ਲਈ 62 ਅਧਿਆਪਕ, ਪ੍ਰਸ਼ਿਕਸ਼ਕ ਅਤੇ ਪ੍ਰਬੰਧਕ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾ ਰਹੇ ਹਨ | ਇਹ ਆਵਾਸੀ ਪ੍ਰਸ਼ਿਕਸ਼ਣ ਵਰਗ 8 ਜੂਨ ਤੋਂ 20 ਜੂਨ ਤੱਕ ਚੱਲੇਗਾ | ਇਸ ਮੌਕੇ ਕਾਰਜਕ੍ਰਮ ਦੀ ਸ਼ੁਰੂਆਤ ਦੀਪ ਜਲਾ ਕੇ ਕੀਤੀ ਗਈ | ਉਦਘਾਟਨ ਮੌਕੇ ਸੰਸਕਿ੍ਤ ਗੀਤਾਂ ਅਤੇ ਪ੍ਰੇਰਣਾਦਾਇਕ ਪੇਸ਼ਕਾਰੀਆਂ ਨੇ ਪੂਰੇ ਮਾਹੌਲ ਨੂੰ ਸੰਸਕਿ੍ਤਮਈ ਬਣਾ ਦਿੱਤਾ | ਬੁਲਾਰਿਆਂ ਨੇ ਕਿਹਾ ਕਿ ਪ੍ਰਸ਼ਿਕਸ਼ਣ ਵਰਗ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਪ੍ਰਤੀਭਾਗੀਆਂ ਨੂੰ ਸੰਸਕਿ੍ਤ ਨੂੰ ਸੰਸਕਿ੍ਤ ਮਾਧਿਅਮ ਰਾਹੀਂ ਪੜ੍ਹਾਉਣ ਅਤੇ ਸਿੱਖਣ ਦਾ ਵਿਹਾਰਕ ਪ੍ਰਸ਼ਿਕਸ਼ਣ ਦਿੱਤਾ ਜਾਵੇਗਾ | ਭਾਸ਼ਾ ਸਿੱਖਣ ਦੀਆਂ ਆਧੁਨਿਕ ਅਤੇ ਪ੍ਰਭਾਵਸ਼ਾਲੀ ਪੱਧਤੀਆਂ ਰਾਹੀਂ ਉਨ੍ਹਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਵੇਗਾ ਕਿ ਉਹ ਆਪਣੇ ਖੇਤਰਾਂ ਵਿਚ ਜਾ ਕੇ ਸੰਸਕਿ੍ਤ ਨੂੰ ਸਰਲ, ਰੁਚਿਕਰ ਅਤੇ ਵਿਹਾਰਕ ਢੰਗ ਨਾਲ ਲੋਕਾਂ ਤੱਕ ਪਹੁੰਚਾ ਸਕਣ | ਨਾਭਾ ਨੂੰ ਪ੍ਰਾਚੀਨ ਸਮੇਂ ਤੋਂ ਹੀ ''ਛੋਟੀ ਕਾਸ਼ੀ'' ਦੇ ਨਾਮ ਨਾਲ ਜਾਣਿਆ ਜਾਂਦਾ ਹੈ | ਇਹ ਸ਼ਹਿਰ ਆਪਣੇ ਮੰਦਿਰਾਂ, ਧਾਰਮਿਕ ਸੰਸਥਾਵਾਂ, ਵਿਦਵਾਨਾਂ ਅਤੇ ਸੰਸਕਿ੍ਤ ਅਧਿਐਨ ਦੀ ਸਮਿ੍ੱਧ ਪਰੰਪਰਾ ਲਈ ਵਿਸ਼ੇਸ਼ ਪਹਿਚਾਣ ਰੱਖਦਾ ਹੈ | ਬੁਲਾਰਿਆਂ ਨੇ ਕਿਹਾ ਕਿ ਸੰਸਕਿ੍ਤ ਭਾਰਤੀ ਵਲੋਂ ਖੇਤਰੀ ਪ੍ਰਸ਼ਿਕਸ਼ਣ ਵਰਗ ਲਈ ਨਾਭਾ ਦੀ ਚੋਣ ਇਸ ਸ਼ਹਿਰ ਦੀ ਗੌਰਵਮਈ ਸੰਸਕਿ੍ਤ ਸਾਧਨਾ ਅਤੇ ਗਿਆਨ ਪਰੰਪਰਾ ਨੂੰ ਸਨਮਾਨ ਦੇਣ ਦਾ ਪ੍ਰਤੀਕ ਹੈ | ਮੁੱਖ ਮਹਿਮਾਨ ਇੰਦਰ ਰਾਜ (ਪ੍ਰਧਾਨ, ਡੀ.ਪੀ.ਐੱਸ. ਪਾਂਡੂਸਰ, ਨਾਭਾ) ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸੰਸਕਿ੍ਤ ਭਾਰਤ ਦੀ ਆਤਮਾ ਅਤੇ ਸੰਸਾਰ ਦੀਆਂ ਮਹਾਨ ਭਾਸ਼ਾਵਾਂ ਵਿਚੋਂ ਇਕ ਹੈ | ਉਨ੍ਹਾਂ ਕਿਹਾ ਕਿ ਭਾਰਤੀ ਗਿਆਨ-ਵਿਗਿਆਨ, ਦਰਸ਼ਨ, ਸਾਹਿਤ ਅਤੇ ਸੰਸਕਿ੍ਤੀ ਦਾ ਵਿਸ਼ਾਲ ਖ਼ਜ਼ਾਨਾ ਸੰਸਕਿ੍ਤ ਵਿੱਚ ਸੁਰੱਖਿਅਤ ਹੈ | ਮੁੱਖ ਬੁਲਾਰੇ ਰਾਮ, ਅਖਿਲ ਭਾਰਤੀ ਪ੍ਰਸ਼ਿਕਸ਼ਣ ਪ੍ਰਮੁੱਖ, ਸੰਸਕਿ੍ਤ ਭਾਰਤੀ ਨੇ ਪ੍ਰਸ਼ਿਕਸ਼ਣ ਵਰਗ ਦੀ ਰੂਪਰੇਖਾ ਪੇਸ਼ ਕਰਦਿਆਂ ਦੱਸਿਆ ਕਿ ਵਰਗ ਵਿਚ ਭਾਸ਼ਾ ਪ੍ਰਸ਼ਿਕਸ਼ਣ, ਭਾਰਤੀ ਚਿੰਤਨ, ਸੰਗਠਨਾਤਮਕ ਕੌਸ਼ਲ, ਵਿਅਕਤਿਤਵ ਵਿਕਾਸ ਅਤੇ ਸੰਸਕਿ੍ਤ ਸੰਭਾਸ਼ਣ ਦੇ ਵੱਖ-ਵੱਖ ਪੱਖਾਂ 'ਤੇ ਸਿਖਲਾਈ ਦਿੱਤੀ ਜਾਵੇਗੀ | ਇਸ ਮੌਕੇ ਡਾ. ਵੀਰੇਂਦਰ ਕੁਮਾਰ, ਪ੍ਰਾਂਤ ਪ੍ਰਧਾਨ, ਸੰਸਕਿ੍ਤ ਭਾਰਤੀ ਪੰਜਾਬ ਨੇ ਕਿਹਾ ਕਿ ਉੱਤਰ ਖੇਤਰ ਦੇ ਵੱਖ-ਵੱਖ ਰਾਜਾਂ ਤੋਂ ਆਏ | ਹਰ ਰੋਜ਼ ਸਵੇਰੇ 9 ਤੋਂ 11 ਵਜੇ ਤੱਕ ਅਤੇ ਸ਼ਾਮ 8:30 ਤੋਂ 10:00 ਵਜੇ ਤੱਕ ਇਹ ਕਲਾਸਾਂ ਮੁਫ਼ਤ ਸੰਸਕਿ੍ਤ ਸੰਭਾਸ਼ਣ ਕਲਾਸਾਂ ਚਲਾਈਆਂ ਜਾਣਗੀਆਂ | ਇਨ੍ਹਾਂ ਕਲਾਸਾਂ ਵਿੱਚ ਹਰ ਉਮਰ ਵਰਗ ਦਾ ਵਿਅਕਤੀ ਬਿਨਾਂ ਕਿਸੇ ਫ਼ੀਸ ਦੇ ਭਾਗ ਲੈ ਕੇ ਸਰਲ ਅਤੇ ਸਹਿਜ ਢੰਗ ਨਾਲ ਸੰਸਕਿ੍ਤ ਬੋਲਣਾ ਸਿੱਖ ਸਕਦਾ ਹੈ | ਇਸ ਮੌਕੇ ਡਾ. ਗਗਨਦੀਪ ਸ਼ਰਮਾ, ਬਰਿੰਦਰ ਬਿੱਟੂ, ਵਿਕਾਸ ਮਿੱਤਲ, ਸੰਨੀ ਸਿੰਗਲਾ, ਪਰਮਿੰਦਰ ਗੁਪਤਾ, ਸੰਜੀਵ ਜਿੰਦਲ, ਮਾਸਟਰ ਸ਼ਿਵ ਕੁਮਾਰ ਸ਼ਰਮਾ, ਅਸ਼ੋਕ ਜਿੰਦਲ, ਵਿਨੋਦ ਕਾਲੜਾ, ਸੰਦੀਪ ਸ਼ਰਮਾ, ਤੇਜਪਾਲ ਸਿੰਘ ਟਿਵਾਣਾ, ਰੌਸ਼ਨ ਸੂਦ, ਹਰਿਸ਼ਰਨ ਪਾਠਕ, ਵਿਸ਼ਾਲ ਸ਼ਰਮਾ, ਯੁੱਧਵੀਰ ਸੋਢੀ, ਲਲਿਤ ਸ਼ਰਮਾ, ਵੀਰੇਂਦਰ ਸ਼ਰਮਾ, ਨਰੇਂਦਰ ਸ਼ਰਮਾ, ਅਮਨ ਸ਼ਰਮਾ, ਚੰਦਨ ਗੋਇਲ, ਉੱਤਰ ਖੇਤਰ ਸੰਗਠਨ ਮੰਤਰੀ ਨਰੇਂਦਰ ਕੁਮਾਰ, ਖੇਤਰ ਸਾਪਤਾਹਿਕ ਮੇਲਨ ਪ੍ਰਮੁੱਖ ਵਿਨਾਇਕ ਹੇਗਡੇ, ਅਭਿਲੇਖਾਗਾਰ ਪ੍ਰਮੁੱਖ ਵਿਜੈ ਕੁਮਾਰ, ਪ੍ਰਾਂਤ ਮੰਤਰੀ ਸੰਜੀਵ, ਸਹ-ਪ੍ਰਾਂਤ ਮੰਤਰੀ ਅਜੈ, ਵਿਭਾਗ ਸੰਯੋਜਕ ਗਗਨਦੀਪ ਪਾਠਕ, ਸੰਜੀਵ ਸਿੰਗਲਾ ਆਦਿ ਹਾਜ਼ਰ ਸਨ |