ਸਮਾਣਾ, 9 ਜੂਨ (ਹਰਵਿੰਦਰ ਸਿੰਘ ਟੋਨੀ)-ਨੇੜਲੇ ਪਿੰਡ ਬੰਮ੍ਹਨਾ ਦੇ ਤਰਲੋਕ ਸਿੰਘ ਨੇ ਪਿੰਡ ਦੇ ਰਾਜਵਿੰਦਰ ਸਿੰਘ ਵਗ਼ੈਰਾ 'ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਮਾਨਯੋਗ ਅਦਾਲਤ ਡਿੰਪਲ ਗਰਗ ਸਿਵਲ ਜੱਜ ਵਲੋਂ ਉਸ ਦੇ ਜ਼ਮੀਨੀ ਝਗੜੇ 'ਚ ਉਕਤ ਧਿਰ ਤੇ ਪੰਚਾਇਤ ਸੈਕਟਰੀ ਖ਼ਿਲਾਫ਼ ਫ਼ੈਸਲਾ ਦਿੰਦਿਆਂ ਉਸ ਦੇ ਹੱਕ 'ਚ ਜ਼ਮੀਨ ਦੀ ਸਟੇਅ ਕੀਤੀ ਹੋਈ ਹੈ ਜੋ ਵਿਚਾਰ ਅਧੀਨ ਹੈ | ਤਰਲੋਕ ਸਿੰਘ ਨੇ ਕਿਹਾ ਕਿ ਅਦਾਲਤ ਵਲੋਂ ਰੋਕ ਦੇ ਬਾਵਜੂਦ ਸਿਆਸੀ ਸ਼ਹਿ 'ਤੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਕਾਨੂੰਗੋ ਨੇ ਕਥਿਤ ਜਬਰੀ ਇਕਤਰਫ਼ਾ ਚੱਲਦਿਆਂ ਨਿਸ਼ਾਨਦੇਹੀ ਕਰਵਾ ਦਿੱਤੀ ਹੈ ਜਦੋਂ ਕਿ ਕਾਨੂੰਗੋ ਖ਼ਿਲਾਫ਼ ਪਹਿਲਾਂ ਤੋਂ ਡਿਪਟੀ ਕਮਿਸ਼ਨਰ ਤੇ ਐਸ.ਡੀ.ਐਮ. ਨੂੰ ਸ਼ਿਕਾਇਤਾਂ ਕੀਤੀਆਂ ਹੋਈਆਂ ਹਨ | ਉਸ ਕਿਹਾ ਕਿ ਜਰਨੈਲ ਸਿੰਘ ਸੈਕਟਰੀ ਹੋਣ ਕਾਰਨ ਸ਼ਰੇਆਮ ਦੂਜੀ ਧਿਰ ਦੇ ਹੱਕ 'ਚ ਚੱਲਦਿਆਂ ਉਨ੍ਹਾਂ ਖ਼ਿਲਾਫ਼ ਪੁਲਿਸ ਕਾਰਵਾਈ ਲਈ ਲਿਖ ਰਿਹਾ ਹੈ ਜਦੋਂ ਕਿ ਉਸ ਕੋਲ ਕੋਈ ਜਗ੍ਹਾ ਨਹੀਂ ਜਿਸ 'ਤੇ ਨਾਜਾਇਜ਼ ਕਬਜ਼ਾ ਹੋਵੇ ਤੇ ਨਾ ਹੀ ਲੱਠੇ ਤੇ ਕੋਈ ਅਜਿਹਾ ਰਸਤਾ ਹੈ ਤੇ ਨਾ ਹੀ 1963 ਦੇ ਇੰਤਕਾਲ ਬਦਲੇ ਉਸ ਦੇ ਬਜ਼ੁਰਗਾਂ ਨੂੰ ਕੋਈ ਜਗ੍ਹਾ ਮਿਲੀ ਹੈ | ਤਰਲੋਕ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਦੂਜੀ ਧਿਰ ਨੇ ਉਨ੍ਹਾਂ ਨਾਲ ਲੜਾਈ ਝਗੜਾ ਕਰਦਿਆਂ ਸੱਟਾਂ ਮਾਰੀਆਂ ਹਨ ਤੇ ਉਨ੍ਹਾਂ ਦੇ ਕਈ ਜਣੇ ਸਿਵਲ ਹਸਪਤਾਲ 'ਚ ਇਲਾਜ ਅਧੀਨ ਹਨ | ਉਸ ਆਖਿਆ ਕਿ ਦੂਜੀ ਧਿਰ ਨੇ ਪੁਲਿਸ ਦੀ ਮੌਜੂਦਗੀ ਵਿਚ ਕਥਿਤ ਸਿਆਸੀ ਸ਼ਹਿ 'ਤੇ ਅਦਾਲਤ ਦੇ ਹੁਕਮਾਂ 'ਤੇ ਬੇਪ੍ਰਵਾਹ ਹੋ ਕੇ ਉਨ੍ਹਾਂ ਦੀ ਜ਼ਮੀਨ 'ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਹੈ |