ਦੇਵੀਗੜ੍ਹ, 10 ਜੂਨ (ਰਾਜਿੰਦਰ ਸਿੰਘ ਮੌਜੀ)-ਡਾ. ਕੁਸ਼ਲਦੀਪ ਕੌਰ ਸਿਵਲ ਸਰਜਨ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ. ਨਿਧੀ ਸ਼ਰਮਾ ਸੀਨੀਅਰ ਮੈਡੀਕਲ ਅਫ਼ਸਰ ਦੁੱਧਨ ਸਾਧਾਂ ਦੀ ਯੋਗ ਅਗਵਾਈ ਵਿਚ ਗਰਭਵਤੀ ਔਰਤਾਂ ਦੀ ਸਿਹਤ ਨੂੰ ਸੁਰੱਖਿਅਤ ਅਤੇ ਸੰਭਾਲਯੋਗ ਬਣਾਉਣ ਲਈ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਾ ਅਭਿਆਨ ਦੇ ਤਹਿਤ ਸੀ.ਐਚ.ਸੀ., ਪੀ.ਐਚ. ਸੀਜ ਅਤੇ ਹੈਲਥ ਵੈਲਨੈਸ ਸੈਂਟਰਾਂ ਵਿਚ ਵਿਸ਼ੇਸ਼ ਸਿਹਤ ਜਾਂਚ ਕੈਂਪ ਲਗਾਇਆ ਗਿਆ | ਡਾ. ਨਿਧੀ ਸ਼ਰਮਾ ਐਸ.ਐਮ.ਓ. ਨੇ ਕਿਹਾ ਕਿ ਇਹ ਅਭਿਆਨ ਸਿਹਤ ਵਿਭਾਗ ਦੀ ਵਿਸ਼ੇਸ਼ ਪਹਿਲ ਹੈ, ਜਿਸ ਨਾਲ ਗਰਭਵਤੀ ਔਰਤਾਂ ਨੂੰ ਮੁਫ਼ਤ ਅਤੇ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ | ਇਹ ਸੇਵਾਵਾਂ ਹਰ ਮਹੀਨੇ 9 ਤਾਰੀਖ ਅਤੇ 23 ਤਰੀਖ ਨੂੰ ਸੀ.ਐਚ.ਸੀ., ਪੀ.ਐਚ.ਸੀਜ ਅਤੇ ਹੈਲਥ ਵੈਲਨੈਸ ਸੈਂਟਰਾਂ ਵਿਚ ਉਪਲੱਬਧ ਹੁੰਦੀਆ ਹਨ | ਇਹ ਕੈਂਪ ਗਰਭਵਤੀ ਔਰਤਾਂ ਨੂੰ ਮੁਫ਼ਤ ਸਿਹਤ ਜਾਂਚ, ਖੂਨ ਦੀ ਜਾਂਚ, ਹਾਈ ਰਿਸਕ ਗਰਭਸਥਾ ਦੀ ਪਛਾਣ, ਅਤੇ ਪੋਸ਼ਣ ਸਲਾਹ ਮੁਹੱਈਆ ਕਰਦੇ ਹਨ | ਇਸ ਦੇ ਨਾਲ-ਨਾਲ ਔਰਤਾਂ ਨੂੰ ਗਰਭ ਦੌਰਾਨ ਸਾਵਧਾਨੀਆਂ ਅਤੇ ਸਿਹਤਮੰਦ ਜੀਵਨਸ਼ੈਲੀ ਬਾਰੇ ਸਿਖਲਾਈ ਵੀ ਦਿੱਤੀ ਜਾਂਦੀ ਹੈ | ਸੀ.ਐਚ.ਸੀ. ਦੇ ਨਾਲ-ਨਾਲ ਪੀ.ਐਚ.ਸੀਜ ਅਤੇ ਹੈਲਥ ਵੈਲਨੈਸ ਸੈਂਟਰਾਂ ਵਿਚ ਵੀ ਇਹ ਸੇਵਾਵਾਂ ਵਿਸਤਿ੍ਤ ਕੀਤੀਆਂ ਗਈਆਂ ਹਨ, ਤਾਂ ਜੋ ਵਧ ਤੋਂ ਵਧ ਔਰਤਾਂ ਤੱਕ ਇਹ ਸਹੂਲਤ ਪਹੁੰਚ ਸਕੇ | ਉਨ੍ਹਾਂ ਨੇ ਸਾਰੀਆਂ ਗਰਭਵਤੀ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਤਹਿਤ ਆਪਣੀ ਸਿਹਤ ਦੀ ਜਾਂਚ ਕਰਵਾਉਣ ਅਤੇ ਗਰਭ ਦੌਰਾਨ ਸਹੀ ਸਲਾਹ ਲੈਣ ਲਈ ਸਵੈ-ਜਾਗਰੂਕ ਬਣਨ | ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਅਭਿਆਨ ਦੇ ਜ਼ਰੀਏ ਅਸੀਂ ਮਾਂ ਅਤੇ ਬੱਚੇ ਦੀ ਸਿਹਤ ਨੂੰ ਸੁਰੱਖਿਅਤ ਦੇਖਭਾਲ ਯਕੀਨੀ ਬਣਾਉਣ ਦਾ ਉਦੇਸ਼ ਰੱਖਦੇ ਹਾਂ |