ਪਾਤੜਾਂ, 17 ਜੂਨ (ਜਗਦੀਸ਼ ਸਿੰਘ ਕੰਬੋਜ)-ਪਿੰਡ ਸ਼ੁਤਰਾਣਾ ਦੇ ਇਕ ਵਿਆਕਤੀ ਨਾਲ ਵਾਪਰੇ ਸੜਕ ਹਾਦਸੇ ਵਿਚ ਪੁਲਿਸ ਵਲੋਂ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਲਾਉਂਦਿਆਂ ਪਿੰਡ ਵਾਸੀਆਂ ਤੇ ਫੱਟੜ ਵਿਕਤੀ ਦੇ ਪਰਿਵਾਰਿਕ ਮੈਂਬਰਾਂ ਨੇ ਪਾਤੜਾਂ ਬਾਦਸ਼ਾਹਪੁਰ ਸੜਕ ਉੱਤੇ ਥਾਣਾ ਸ਼ੁਤਰਾਣਾ ਸਾਹਮਣੇ ਰੋਹ ਭਰਪੂਰ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ ਅਤੇ ਦੋਸ਼ੀ ਟਰੱਕ ਚਾਲਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਪੁਲਿਸ ਵਲੋਂ ਦੋ ਦਿਨ ਵਿਚ ਟਰੱਕ ਚਾਲਕ ਖ਼ਿਲਾਫ਼ ਕਾਰਵਾਈ ਦੇ ਦਿੱਤੇ ਗਏ ਭਰੋਸੇ ਮਗਰੋਂ ਧਰਨਾ ਚੁੱਕਿਆ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਾਬਕਾ ਬਲਾਕ ਸੰਮਤੀ ਮੈਂਬਰ ਬਲਵੀਰ ਸਿੰਘ ਸਾਬਕਾ ਸਰਪੰਚ ਭਗਵੰਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ ਲਖਵਿੰਦਰ ਸਿੰਘ ਨੂੰ ਪਾਤੜਾਂ ਖਨੋਰੀ ਮੁੱਖ ਸੜਕ ਉੱਤੇ ਟਰੱਕ ਚਾਲਕ ਫੇਟ ਮਾਰ ਕੇ ਟਰੱਕ ਭਜਾ ਕੇ ਲੈ ਗਿਆ। ਇਸ ਹਾਦਸੇ ਵਿਚ ਲਖਵਿੰਦਰ ਸਿੰਘ ਦੇ ਲੱਕ ਅਤੇ ਮੋਢੇ ਉੱਤੇ ਗੰਭੀਰ ਸੱਟਾਂ ਲੱਗੀਆਂ ਤੇ ਉਹ ਕਈ ਦਿਨ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਅਧੀਨ ਰਿਹਾ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਧਰਨਾ ਦੇਣ ਲਈ ਮਜਬੂਰ ਹੋਏ ਹਨ। ਉਹਨਾਂ ਚਿਤਾਵਨੀ ਦਿੱਤੀ ਕਿ ਅਗਰ ਦੋ ਦਿਨਾਂ ਵਿਚ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਚਾਲਕ ਖ਼ਿਲਾਫ਼ ਠੋਸ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਭਗਵੰਤ ਸਿੰਘ ਸਾਬਕਾ ਸਰਪੰਚ ਪਰਿਵਾਰਿਕ ਮੈਂਬਰਾਂ ਵਿਚ ਜ਼ਖ਼ਮੀ ਨੌਜਵਾਨ ਦੀ ਮਾਂ ਬਚਨੀ ਦੇਵੀ, ਪਤਨੀ ਮਨਜੀਤ ਕੌਰ, ਭਰਾ ਰਮੇਸ਼ਵਰ, ਨਵੀਨ ਕੁਮਾਰ, ਪੱਪੂ ਰਾਮ, ਸੋਨੂੰ ਰਾਮ, ਬੂਟਾ ਰਾਮ ਅਤੇ ਭੀਮ ਸਿੰਘ ਆਦਿ ਮੌਜੂਦ ਸਨ। ਇਸ ਦੌਰਾਨ ਪੁਲਿਸ ਥਾਣਾ ਸ਼ੁਤਰਾਣਾ ਦੇ ਮੁਨਸ਼ੀ ਅਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਹਾਦਸਾ 11 ਜੂਨ ਨੂੰ ਵਾਪਰਿਆ ਸੀ ਅਤੇ ਜ਼ਖ਼ਮੀ ਵਿਅਕਤੀ ਦੇ ਬਿਆਨਾਂ ਦੇ ਆਧਾਰ ਉੱਤੇ ਟਰੱਕ ਚਾਲਕ ਖ਼ਿਲਾਫ਼ ਮੁਕੱਦਮਾ ਨੰਬਰ 180 ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੋ ਦਿਨਾਂ ਵਿਚ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਜਾਵੇਗਾ।