ਪਟਿਆਲਾ, 17 ਜੂਨ (ਅ.ਸ. ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੀ ਹੱਦ ਅੰਦਰ ਚੱਲ ਰਹੇ ਸਿਵਲ ਦੇ ਵਿਕਾਸ ਕਾਰਜਾਂ ਵਿਚ ਦੇਰੀ ਅਤੇ ਠੇਕੇਦਾਰਾਂ ਵਲੋਂ ਵਰਤੀ ਜਾ ਰਹੀ ਲਾਪਰਵਾਹੀ ਦਾ ਗੰਭੀਰ ਨੋਟਿਸ ਲੈਂਦਿਆਂ ਮਾਨਯੋਗ ਮੇਅਰ ਕੁੰਦਨ ਗੋਗੀਆ ਵਲੋਂ ਨਿਗਰਾਨ ਇੰਜੀਨੀਅਰ ਨੂੰ ਲਿਖਤੀ ਤੌਰ ’ਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕੌਂਸਲਰ ਵਲੋਂ ਮੇਅਰ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਅਪ੍ਰੈਲ 2022 ਤੋਂ ਸਿਵਲ ਦੇ ਕੰਮਾਂ ਲਈ ਜਾਰੀ ਹੋਏ ਕਈ ਵਰਕ ਆਰਡਰਾਂ ਦੇ ਬਾਵਜੂਦ, ਬਹੁਤ ਸਾਰੇ ਵਿਕਾਸ ਕਾਰਜ ਮੌਕੇ ’ਤੇ ਅਜੇ ਤੱਕ ਸ਼ੁਰੂ ਹੀ ਨਹੀਂ ਕੀਤੇ ਗਏ ਜਾਂ ਫਿਰ ਅੱਧ-ਵਿਚਕਾਰ ਅਧੂਰੇ ਛੱਡੇ ਹੋਏ ਹਨ, ਜਿਸ ਦਾ ਸਿੱਧਾ ਖ਼ਾਮਿਆਜ਼ਾ ਸ਼ਹਿਰ ਦੀ ਆਮ ਪਬਲਿਕ ਨੂੰ ਭੁਗਤਣਾ ਪੈ ਰਿਹਾ ਹੈ। ਮੇਅਰ ਕੁੰਦਨ ਗੋਗੀਆ ਨੇ ਹੁਕਮ ਦਿੱਤੇ ਕਿ ਜਿਨ੍ਹਾਂ ਠੇਕੇਦਾਰਾਂ ਵਲੋਂ ਮਿੱਥੇ ਸਮੇਂ ਅੰਦਰ ਕੰਮ ਸ਼ੁਰੂ ਕਰਨ ਵਿਚ ਦੇਰੀ ਕੀਤੀ ਗਈ ਹੈ ਜਾਂ ਮੌਕੇ ’ਤੇ ਕੰਮ ਖ਼ਤਮ ਨਹੀਂ ਕੀਤੇ ਗਏ, ਉਨ੍ਹਾਂ ਫਰਮਾਂ ਨੂੰ ਤੁਰੰਤ ਪ੍ਰਭਾਵ ਤੋਂ ਡੀ-ਬਾਰ ਕੀਤਾ ਜਾਵੇ ਅਤੇ ਉਨ੍ਹਾਂ ਦੀ ਜਮ੍ਹਾਂ ਰਾਸ਼ੀ ਯਾਨੀ ਈ.ਐਮ.ਡੀ. ਜਬਤ ਕਰਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜਨਹਿਤ ਦੇ ਕੰਮਾਂ ਵਿਚ ਅਣਗਹਿਲੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਨਿਗਮ ਵਿਚ ਸਿਰਫ਼ ਇਮਾਨਦਾਰੀ ਤੇ ਸਮੇਂ ਸਿਰ ਕੰਮ ਕਰਨ ਵਾਲੀਆਂ ਫਰਮਾਂ ਨੂੰ ਹੀ ਤਰਜੀਹ ਮਿਲੇਗੀ। ਇਸ ਪ੍ਰਸ਼ਾਸਨਿਕ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਮੇਅਰ ਵਲੋਂ ਨਿਗਰਾਨ ਇੰਜੀਨੀਅਰ (ਸਿਵਲ) ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਅਪ੍ਰੈਲ 2022 ਤੋਂ ਹੁਣ ਤੱਕ ਜਾਰੀ ਹੋਏ ਸਮੂਹ ਵਰਕ ਆਰਡਰਾਂ, ਸੰਬੰਧਿਤ ਫਰਮਾਂ ਦੇ ਨਾਮ, ਜਾਰੀ ਹੋਣ ਦੀ ਮਿਤੀ, ਕੰਮ ਦੀ ਸਮਾਂ-ਸੀਮਾ, ਦੇਰੀ ਹੋਣ ਦੇ ਕਾਰਨ ਅਤੇ ਉਨ੍ਹਾਂ ਪ੍ਰੋਜੈਕਟਾਂ ਦੇ ਮੌਜੂਦਾ ਸਟੇਟਸ ਦੀ ਪੂਰੀ ਸੂਚੀ ਜਲਦ ਤੋਂ ਜਲਦ ਮੇਅਰ ਦਫ਼ਤਰ ਨੂੰ ਸੌਂਪੀ ਜਾਵੇ। ਇਸ ਰਿਪੋਰਟ ਦੇ ਆਧਾਰ ’ਤੇ ਡਿਫਾਲਟਰ ਠੇਕੇਦਾਰਾਂ ਖ਼ਿਲਾਫ਼ ਅਗਲੀ ਵੱਡੀ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਵਾਈ ਉਲੀਕੀ ਜਾਵੇਗੀ।