02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪੰਜਾਬੀ ਯੂਨੀਵਰਸਿਟੀ ਦੇ ਉੱਚ-ਪੱਧਰੀ ਅਕਾਦਮਿਕ ਮਾਹੌਲ ਸਦਕਾ ਵਿਦਿਆਰਥੀ ਲੈ ਰਹੇ ਹਨ ਦਿਲਚਸਪੀ-ਡਾ. ਜਗਦੀਪ ਸਿੰਘ

ਅਜੀਤ ਡੈਸਕ 15-07-2026

 ਪਟਿਆਲਾ, 13 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਵੱਖ-ਵੱਖ ਮਾਸਟਰ ਡਿਗਰੀ (ਪੋਸਟ-ਗ੍ਰੈਜੂਏਸ਼ਨ), ਪੀ. ਜੀ. ਡਿਪਲੋਮਾ, ਡਿਪਲੋਮਾ ਤੇ ਸਰਟੀਫਿਕੇਟ ਕੋਰਸਾਂ ਵਿਚ ਦਾਖ਼ਲੇ ਲਈ ਕੌਂਸਲਿੰਗ ਪ੍ਰਕਿਰਿਆ ਹੋਈ, ਜਿਸ ਦੌਰਾਨ ਯੂਨੀਵਰਸਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਕੈਂਪਸ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਦਾਖ਼ਲਾ ਪ੍ਰਕਿਰਿਆ ਦਾ ਜਾਇਜ਼ਾ ਲਿਆ ਅਤੇ ਨਵੇਂ ਆ ਰਹੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ਼ ਗੱਲਬਾਤ ਕੀਤੀ। ਕੌਂਸਲਿੰਗ ਦੌਰਾਨ ਵਿਦਿਆਰਥੀਆਂ ਦੇ ਦੇਖੇ ਗਏ ਭਾਰੀ ਉਤਸ਼ਾਹ ’ਤੇ ਡੂੰਘੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਡਾ. ਜਗਦੀਪ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਉੱਚ-ਪੱਧਰੀ ਅਕਾਦਮਿਕ ਮਾਹੌਲ ਸਦਕਾ ਵਿਦਿਆਰਥੀ ਇਥੇ ਦਾਖ਼ਲ ਹੋਣ ਵਿਚ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਹੋਣਹਾਰ ਵਿਦਿਆਰਥੀਆਂ ਦਾ ਪੰਜਾਬੀ ਯੂਨੀਵਰਸਿਟੀ ਵੱਲ ਰੁਝਾਨ ਇਸ ਗੱਲ ਦਾ ਪ੍ਰਮਾਣ ਹੈ ਕਿ ਇਹ ਸੰਸਥਾ ਅੱਜ ਵੀ ਉੱਚੇਰੀ ਸਿੱਖਿਆ ਲਈ ਨੌਜਵਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਵਿਦਿਆਰਥੀਆਂ ਦਾ ਇਹ ਜੋਸ਼ ਬੇਹੱਦ ਉਤਸ਼ਾਹਜਨਕ ਹੈ। ਵਿਦਿਆਰਥੀਆਂ ਨਾਲ਼ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਖੁਦ ਵੀ ਇਸੇ ਮਾਣਮੱਤੀ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ ਅਤੇ ਅੱਜ ਇਨ੍ਹਾਂ ਨਵੇਂ ਚਿਹਰਿਆਂ ਦੇ ਉਤਸ਼ਾਹ ਨੂੰ ਦੇਖ ਕੇ ਉਨ੍ਹਾਂ ਦੀਆਂ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਉਨ੍ਹਾਂ ਕੌਂਸਲਿੰਗ ਡਿਊਟੀ ‘ਤੇ ਤਾਇਨਾਤ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਫੈਕਲਟੀ ਮੈਂਬਰਾਂ ਤੇ ਸਟਾਫ਼ ਨਾਲ ਵੀ ਮੁਲਾਕਾਤ ਕੀਤੀ ਅਤੇ ਦਾਖ਼ਲਾ ਪ੍ਰਕਿਰਿਆ ਨੂੰ ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨਵੇਂ ਦਾਖ਼ਲ ਹੋ ਰਹੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਤੇ ਵਿਸ਼ਵਾਸ ਦਿਵਾਇਆ ਕਿ ਯੂਨੀਵਰਸਿਟੀ ਉਨ੍ਹਾਂ ਦੇ ਅਕਾਦਮਿਕ ਤੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਪਿਛਲੀ ਖ਼ਬਰ ਐਸ. ਆਈ. ਆਰ. ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਨਾਗਰਿਕ ਸੇਵਾਵਾਂ ਦੀਆਂ ਸਰਕਾਰੀ ਫ਼ੀਸਾਂ ਮੁਆਫ਼ 30 ਸਤੰਬਰ ਤੱਕ ਨਾਗਰਿਕ... ਅਗਲੀ ਖ਼ਬਰ ਪੰਜਾਬੀ ’ਵਰਸਿਟੀ ਦੇ ਕਰਮਚਾਰੀਆਂ ਦੀਆਂ ਮੰਗਾਂ ਸੰਬੰਧੀ ਉਪ ਕੁਲਪਤੀ ਵਲੋਂ ਗਠਿਤ ਕਮੇਟੀ ਦੀ ਇਕੱਤਰਤਾ ਪੁਰਾਣੀ ਪਾਲਿਸੀ ਤਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।