ਪਟਿਆਲਾ, 18 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਸਸਤੀ ਦਰਾਂ ‘ਤੇ ਮਿਆਰੀ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਆਪਣੀ ਲੰਬੇ ਸਮੇਂ ਤੋਂ ਚਲੀ ਆ ਰਹੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਹਾਲ ਹੀ ਵਿਚ ਕੀਤੀ ਗਈ ਫੀਸਾਂ ਵਿਚ ਵਾਧੇ ਦੀ ਅੰਸ਼ਕ ਵਾਪਸੀ ਕਰਨ ਦਾ ਫ਼ੈਸਲਾ ਲਿਆ ਹੈ। ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਇਹ ਫ਼ੈਸਲਾ ਯੂਨੀਵਰਸਿਟੀ ਦੇ ਮੁੱਖ ਕੈਂਪਸ ਅਤੇ ਇਸ ਨਾਲ ਸੰਬੰਧਤ ਕਾਲਜਾਂ ਦੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਲੰਬੇ ਸਮੇਂ ਤੋਂ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੀ ਹੈ ਅਤੇ ਹੋਰ ਸਰਕਾਰੀ ਯੂਨੀਵਰਸਿਟੀਆਂ ਵਾਂਗ ਅਕਾਦਮਿਕ, ਖੋਜ, ਬੁਨਿਆਦੀ ਢਾਂਚੇ ਅਤੇ ਵਿਦਿਆਰਥੀ ਭਲਾਈ ਨਾਲ ਸੰਬੰਧਿਤ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੇ ਸਰੋਤਾਂ ਵਿਚ ਵਾਧਾ ਕਰਨਾ ਇਸਦੀ ਮਜਬੂਰੀ ਬਣ ਗਿਆ ਸੀ। ਇਸੇ ਪ੍ਰਸੰਗ ਵਿੱਚ ਲਗਭਗ ਪੰਜ ਸਾਲਾਂ ਬਾਅਦ ਟਿਊਸ਼ਨ ਫ਼ੀਸਾਂ ਅਤੇ ਹੋਸਟਲ ਫੀਸਾਂ ਵਿਚ ਸੀਮਤ ਸੋਧ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਵਾਧਾ ਵੀ ਇਸ ਮਿਆਦ ਦੌਰਾਨ ਮਹਿੰਗਾਈ ਅਤੇ ਖਪਤਕਾਰ ਮੁੱਲ ਸੂਚਕਾਂਕ ਵਿਚ ਹੋਏ ਕੁੱਲ ਵਾਧੇ ਨਾਲੋਂ ਕਾਫ਼ੀ ਘੱਟ ਸੀ ਅਤੇ ਇਸ ਫ਼ੈਸਲੇ ਨੂੰ ਯੂਨੀਵਰਸਿਟੀ ਦੀਆਂ ਵਿਧਾਨਕ ਸੰਸਥਾਵਾਂ ਦੀ ਪ੍ਰਵਾਨਗੀ ਉਪਰੰਤ ਲਾਗੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੋਸਟਲ ਫ਼ੀਸਾਂ ਵਿਚ ਸੋਧ ਕਰਨ ਤੋਂ ਪਹਿਲਾਂ ਯੂਨੀਵਰਸਿਟੀ ਨੇ ਦੋ ਰਾਜ ਯੂਨੀਵਰਸਿਟੀਆਂ ਜਿਵੇਂ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀਆਂ ਹੋਸਟਲ ਫੀਸਾਂ ਦਾ ਵਿਸਥਾਰਪੂਰਵਕ ਤੁਲਨਾਤਮਕ ਅਧਿਐਨ ਵੀ ਕੀਤਾ ਸੀ, ਜਿਸ ਤੋ ਸਪਸ਼ਟ ਹੋਇਆ ਕਿ ਪ੍ਰਸਤਾਵਿਤ ਸੋਧ ਤੋਂ ਬਾਅਦ ਵੀ ਪੰਜਾਬੀ ਯੂਨੀਵਰਸਿਟੀ ਦੀਆਂ ਹੋਸਟਲ ਫ਼ੀਸਾਂ ਇਨ੍ਹਾਂ ਦੋਵਾਂ ਪ੍ਰਮੁੱਖ ਰਾਜ ਯੂਨੀਵਰਸਿਟੀਆਂ ਦੇ ਮੁਕਾਬਲੇ ਕਾਫ਼ੀ ਘੱਟ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ, ਯੂਨੀਵਰਸਿਟੀ ਵਿਚ ਪੜ੍ਹਦੇ ਵੱਡੀ ਗਿਣਤੀ ਵਿਦਿਆਰਥੀਆਂ ਦੀ ਸਮਾਜਿਕ ਅਤੇ ਆਰਥਿਕ ਪਿਛੋਕੜ ਨੂੰ ਧਿਆਨ ਵਿਚ ਰੱਖਦਿਆਂ ਇਸ ਮਾਮਲੇ ‘ਤੇ ਵੱਖ-ਵੱਖ ਹਿੱਸੇਦਾਰਾਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਨ੍ਹਾਂ ਵਿਚਾਰ-ਵਟਾਂਦਰਿਆਂ ਤੋਂ ਬਾਅਦ ਯੂਨੀਵਰਸਿਟੀ ਨੇ ਫ਼ੀਸਾਂ ਵਿਚ ਕੀਤੇ ਗਏ ਵਾਧੇ ਦੀ ਅੰਸ਼ਕ ਵਾਪਸੀ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਨਾਲ ਵਿਦਿਆਰਥੀਆਂ ‘ਤੇ ਪੈਣ ਵਾਲਾ ਵਾਧੂ ਵਿੱਤੀ ਬੋਝ ਕਾਫ਼ੀ ਹੱਦ ਤੱਕ ਘਟ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਫ਼ੈਸਲੇ ਤੋਂ ਬਾਅਦ ਹੁਣ ਫ਼ੀਸਾਂ ਵਿਚ ਪ੍ਰਭਾਵੀ ਵਾਧਾ ਲਗਭਗ 7.5 ਫ਼ੀਸਦੀ ਰਹਿ ਗਿਆ ਹੈ, ਜਦਕਿ ਇਹ ਸੋਧ ਲਗਭਗ ਪੰਜ ਸਾਲਾਂ ਦੇ ਅੰਤਰਾਲ ਬਾਅਦ ਕੀਤੀ ਗਈ ਹੈ। ਇਹ ਫ਼ੈਸਲਾ ਯੂਨੀਵਰਸਿਟੀ ਵਲੋਂ ਇਕ ਪਾਸੇ ਆਪਣੀਆਂ ਵਿੱਤੀ ਲੋੜਾਂ ਨੂੰ ਸੰਤੁਲਿਤ ਢੰਗ ਨਾਲ ਪੂਰਾ ਕਰਨ ਅਤੇ ਦੂਜੇ ਪਾਸੇ ਹਰ ਵਰਗ ਦੇ ਵਿਦਿਆਰਥੀਆਂ ਲਈ ਉੱਚ ਸਿੱਖਿਆ ਨੂੰ ਕਿਫ਼ਾਇਤੀ ਬਣਾਈ ਰੱਖਣ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਦੀ ਉੱਚ ਸਿੱਖਿਆ ਦੀਆਂ ਲੋੜਾਂ ਨੂੰ ਪੂਰਾ ਕਰ ਰਹੀ ਪੰਜਾਬੀ ਯੂਨੀਵਰਸਿਟੀ ਨੇ ਪਿਛਲੇ ਕਈ ਦਹਾਕਿਆਂ ਦੌਰਾਨ ਘੱਟ ਖਰਚ ‘ਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਕੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਪਿਛਲੇ ਕਈ ਸਾਲਾਂ ਤੋਂ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰਨ ਦੇ ਬਾਵਜੂਦ ਯੂਨੀਵਰਸਿਟੀ ਨੇ ਹਮੇਸ਼ਾਂ ਇਹ ਯਤਨ ਕੀਤਾ ਹੈ ਕਿ ਫੀਸਾਂ ਵਿੱਚ ਵਾਧੇ ਦਾ ਬੋਝ ਵਿਦਿਆਰਥੀਆਂ ‘ਤੇ ਘੱਟ ਤੋਂ ਘੱਟ ਪਵੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਭਲਾ ਹਮੇਸ਼ਾਂ ਇਸ ਦੀਆਂ ਨੀਤੀਆਂ ਦਾ ਕੇਂਦਰ ਬਿੰਦੂ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਜਿੱਥੇ ਆਪਣੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ, ਸਿੱਖਿਆ, ਖੋਜ, ਬੁਨਿਆਦੀ ਢਾਂਚੇ ਅਤੇ ਵਿਦਿਆਰਥੀ ਸੇਵਾਵਾਂ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ, ਉੱਥੇ ਹੀ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਯੋਗ ਵਿਦਿਆਰਥੀ ਆਰਥਿਕ ਕਾਰਨਾਂ ਕਰਕੇ ਉੱਚ ਸਿੱਖਿਆ ਤੋਂ ਵਾਂਝਾ ਨਾ ਰਹੇ।
ਪੰਜਾਬੀ ’ਵਰਸਿਟੀ ਵਲੋਂ ਫੀਸਾਂ ਵਿੱਚ ਕੀਤੇ ਗਏ ਵਾਧੇ ਦੀ ਅੰਸ਼ਕ ਵਾਪਸੀ ਦਾ ਫੈਸਲਾ
ਪਟਿਆਲਾ, 18 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਸਸਤੀ ਦਰਾਂ ‘ਤੇ ਮਿਆਰੀ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਆਪਣੀ ਲੰਬੇ ਸਮੇਂ ਤੋਂ ਚਲੀ ਆ ਰਹੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਹਾਲ ਹੀ ਵਿਚ ਕੀਤੀ ਗਈ ਫੀਸਾਂ ਵਿਚ ਵਾਧੇ ਦੀ ਅੰਸ਼ਕ ਵਾਪਸੀ ਕਰਨ ਦਾ ਫ਼ੈਸਲਾ ਲਿਆ ਹੈ। ਉਪ ਕੁਲਪਤੀ ਡਾ.
ਪੰਜਾਬੀ ਯੂਨੀਵਰਸਿਟੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਭਵਨ।
19-08-2026