ਤਿਉਹਾਰਾਂ ਦੇ ਦਿਨਾਂ ’ਚ ਮਿਲਾਵਟਖੋਰਾਂ ਦੇ ਘਰੀਂ ਜਗਦੇ ਨੇ ਦੀਵੇ ਆਮ ਲੋਕਾਂ ਦੇ ਘਰਾਂ ’ਚ ਛਾ ਜਾਂਦੈ ਹਨੇਰਾ
ਰਾਜਪੁਰਾ, 3 ਅਕਤੂਬਰ (ਰਣਜੀਤ ਸਿੰਘ)-ਜਿਉਂ-ਜਿਉਂ ਤਿਉਹਾਰਾਂ ਦੇ ਦਿਨ ਨੇੜੇ ਆ ਰਹੇ ਹਨ ਉਸੇ ਹਿਸਾਬ ਨਾਲ ਤਿਉਹਾਰਾਂ ਦੀ ਆੜ ਵਿਚ ਖਾਣ ਪੀਣ ਦੀਆਂ ਵਸਤੂਆਂ ਅਤੇ ਖਾਸ ਤੌਰ ’ਤੇ ਮਿਠਾਈਆਂ ਵਿਚ ਮਿਲਾਵਟ ਦਾ ਪਾਰਾ ਆਸਮਾਨ ਛੂਹਣ ਲੱਗ ਪਿਆ ਹੈ। ਤਿਉਹਾਰਾਂ ਦੇ ਸੀਜਨ ਤੋਂ ਐਨ ਪਹਿਲਾਂ ਬਜਾਰਾਂ ਵਿਚ ਨਕਲੀ ਅਤੇ ਮਿਲਾਵਟੀ ਖਾਦ ਪਦਾਰਥਾਂ ਖਾਸ ਕਰਕੇ ਮਿਠਾਈਆਂ ਨਕਲੀ ਖੋਇਆ, ਦੁੱਧ ਅਤੇ ਪਨੀਰ ਦੀ ਵਿਕਰੀ ਬਹੁਤ ਵੱਡੇ ਪੱਧਰ ’ਤੇ ਸ਼ੁਰੂ ਹੋ ਜਾਂਦੀ ਹੈ।
ਰਾਜਪੁਰਾ, 3 ਅਕਤੂਬਰ (ਰਣਜੀਤ ਸਿੰਘ)-ਜਿਉਂ-ਜਿਉਂ ਤਿਉਹਾਰਾਂ ਦੇ ਦਿਨ ਨੇੜੇ ਆ ਰਹੇ ਹਨ ਉਸੇ ਹਿਸਾਬ ਨਾਲ ਤਿਉਹਾਰਾਂ ਦੀ ਆੜ ਵਿਚ ਖਾਣ ਪੀਣ ਦੀਆਂ ਵਸਤੂਆਂ ਅਤੇ ਖਾਸ ਤੌਰ ’ਤੇ ਮਿਠਾਈਆਂ ਵਿਚ ਮਿਲਾਵਟ ਦਾ ਪਾਰਾ ਆਸਮਾਨ ਛੂਹਣ ਲੱਗ ਪਿਆ ਹੈ। ਤਿਉਹਾਰਾਂ ਦੇ ਸੀਜਨ ਤੋਂ ਐਨ ਪਹਿਲਾਂ ਬਜਾਰਾਂ ਵਿਚ ਨਕਲੀ ਅਤੇ ਮਿਲਾਵਟੀ ਖਾਦ ਪਦਾਰਥਾਂ ਖਾਸ ਕਰਕੇ ਮਿਠਾਈਆਂ ਨਕਲੀ ਖੋਇਆ, ਦੁੱਧ ਅਤੇ ਪਨੀਰ ਦੀ ਵਿਕਰੀ ਬਹੁਤ ਵੱਡੇ ਪੱਧਰ ’ਤੇ ਸ਼ੁਰੂ ਹੋ ਜਾਂਦੀ ਹੈ। ਮਿਲਾਵਟੀ ਸਮਾਨ ਵੇਚਣ ਵਾਲਿਆਂ ਦੇ ਘਰਾਂ ਵਿਚ ਭਾਵੇਂ ਮੋਟੀ ਕਮਾਈ ਦਾ ਚਾਨਣ ਹੋ ਜਾਂਦਾ ਹੈ ਪਰ ਆਮ ਲੋਕਾਂ ਦੇ ਘਰਾਂ ਵਿਚ ਹਨੇਰਾ ਛਾ ਜਾਂਦਾ ਹੈ। ਇਸ ਸਭ ਕਾਸੇ ਵਲੋਂ ਸਿਹਤ ਵਿਭਾਗ ਨੂੰ ਪੂਰੀ ਚੌਕਸੀ ਵਰਤਣੀ ਚਾਹੀਦੀ ਅਤੇ ਬਿਨਾਂ ਕਿਸੇ ਡਰ ਭੈਅ ਤੇ ਮਿਲਾਵਟ ਖੋਰਾਂ ਦੇ ਖਿਲਾਫ ਨਕੇਲ ਕਸਣੀ ਚਾਹੀਦੀ ਹੈ। ਵੇਖਣ ਵਿਚ ਆਇਆ ਹੈ ਕਿ ਸਿਹਤ ਵਿਭਾਗ ਦੀ ਸੁਸਤੀ ਮਿਲਾਵਟਖੋਰਾਂ ਲਈ ਚੁਸਤੀ ਬਣ ਜਾਂਦੀ ਹੈ। ਜਾਣਕਾਰੀ ਮੁਤਾਬਕ ਹੁਣ ਤਿਉਹਾਰਾਂ ਦਾ ਸੀਜਨ ਸ਼ੁਰੂ ਹੋਣ ਵਾਲਾ ਹੈ, ਭਾਵੇਂ ਅਸੀਂ ਸਾਰੇ ਹੀ ਤਿਉਹਾਰ ਬਹੁਤ ਹੀ ਜ਼ੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਮਨਾਉਂਦੇ ਹਾਂ ਪਰ ਖਾਸ ਤੌਰ ’ਤੇ ਦੀਵਾਲੀ ਦਾ ਤਿਉਹਾਰ ਹਰ ਵਿਅਕਤੀ ਆਪਣੀ ਸਮਰੱਥਾ ਮੁਤਾਬਕ ਵੱਧ ਚੜ੍ਹ ਕੇ ਮਨਾਂਉਦਾ ਹੈ, ਦੀਵਾਲੀ ਮੌਕੇ ਹਰ ਘਰ ਵਿਚ ਮਿਠਾਈਆਂ ਦੀ ਹਾਜਰੀ ਜਰੂਰੀ ਹੁੰਦੀ ਹੈ।ਇਹ ਗੱਲ ਮਿਲਾਵਟਖੋਰ ਚੰਗੀ ਤਰ੍ਹਾਂ ਜਾਣਦੇ ਹਨ। ਸੂਤਰਾਂ ਮੁਤਾਬਕ ਮਿਲਾਵਟਖੋਰਾਂ ਨੇ ਹੁਣੇ ਤੋ ਹੀ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮਿਲਾਵਟਖੋਰ ਆਪਣੇ ਸ਼ੋਅ ਰੂਮ ਦੀ ਬਜਾਏ ਗਲੀਆਂ ਮੁਹੱਲਿਆਂ ਅਤੇ ਸ਼ਹਿਰ ਦੇ ਨਾਲ ਲੱਗਦੇ ਪਿਡਾਂ ਵਿਚ ਮਿਲਾਵਟੀ ਮਿਠਾਈਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਮਿਲਾਵਟ ਖੋਰ ਮਿਠਾਈਆਂ ਬਣਾ ਕੇ ਸਟੋਰ ਭਰ ਲੈਂਦੇ ਹਨ ਅਤੇ ਦੀਵਾਲੀ ਦੇ ਦਿਨ ਉਨ੍ਹਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਵੇਚ ਕੇ ਆਪ ਭਾਵੇਂ ਮੋਟੀ ਕਮਾਈ ਕਰਦੇ ਹਨ ਪਰ ਲੋਕਾਂ ਲਈ ਬੀਮਾਰੀ ਅਤੇ ਹਸਪਤਾਲਾਂ ਦੇ ਦਰਵਾਜੇ ਖੋਲ੍ਹ ਦਿੰਦੇ ਹਨ। ਸੂਤਰਾਂ ਦਾ ਮੰਨਣਾ ਹੈ ਕਿ ਜਿੰਨਾ ਦੁੱਧ ਵਰਤਿਆ ਜਾਂਦਾ ਹੈ ਉਨੀ ਦੁੱਧ ਦੀ ਪੈਦਾਵਾਰ ਨਹੀਂ ਹੈ ।ਇਸ ਲਈ ਕਈ ਮਿਲਾਵਟ ਖੋਰ ਚਿੱਟੇ ਦੁੱਧ ਦਾ ਕਾਲਾ ਕਾਰੋਬਾਰ ਧੜੱਲੇ ਨਾਲ ਕਰਦੇ ਹਨ। ਜੇਕਰ ਸੂਤਰਾਂ ਦੀ ਮੰਨੀਏ ਤਾਂ ਸਿਥੈਟਿਕ ਦੁੱਧ ਤਿਆਰ ਕਰਨ ਵਿਚ ਯੂਰੀਆ, ਕਾਸਟਿਕ ਸੋਡਾ, ਰਿਫਾਇੰਡ ਤੇਲ, ਡਿਟਰਜੈਂਟ, ਵਾਸ਼ਿਗ ਪਾਊਡਰ ਤੱਕ ਮਿਲਾਇਆ ਜਾਂਦਾ ਹੈ। ਇਹ ਸਾਰਾ ਕੁਝ ਖਾ ਕੇ ਸਾਡਾ ਸਰੀਰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਧੱਕੇ ਚੜ੍ਹ ਜਾਂਦਾ ਹੈ।ਬਰਫੀ ਬਣਾਉਣ ਲਈ ਸਟਾਰਚ ਆਲੂ, ਮੈਦਾ, ਲਾਇਸੈਂਸ ਰਹਿਤ ਤੇਲ ਵਗੈਰਾ ਦੀ ਵਰਤੋ ਕੀਤੀ ਜਾਂਦੀ ਹੈ ਅਤੇ ਬਰਫੀ ਉਪਰ ਲਾਇਆ ਜਾਂਦਾ ਚਾਂਦੀ ਦਾ ਵਰਕ ਜਿਆਦਾਤਰ ਐਲੂਮੀਨੀਅਮ ਦਾ ਬਣਾਇਆਂ ਜਾਂਦਾ ਹੈ। ਇਸੇ ਤਰ੍ਹਾਂ ਹੋਰ ਮਠਿਆਈਆਂ ਬਣਾਉਣ ਲਈ ਕੈਮੀਕਲ ਵਾਲੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਦਿਨਾਂ ਵਿਚ ਸਿਹਤ ਵਿਭਾਗ ਨੂੰ ਸੈਂਪਲਿੰਗ ਆਮ ਨਾਲੋਂ ਜਿਆਦਾ ਸਖਤੀ ਨਾਲ ਕਰਨੀ ਚਾਹੀਦੀ ਹੈ।ਪੰਜਾਬ ਦੇ ਨਾਲ ਲੱਗਦੇ ਬਾਰਡਰਾਂ ਤੇ ਸਖਤੀ ਵਰਤੀ ਜਾਵੇ ਤਾਂ ਕਿ ਬਾਹਰਲੇ ਸੂਬਿਆਂ ਤੋ ਨਕਲੀ ਪਨੀਰ ਦੁੱਧ ਅਤੇ ਹੋਰ ਸਮਾਨ ਨਾ ਆ ਸਕੇ।ਸਿਹਤ ਵਿਭਾਗ ਨੂੰ ਆਮ ਲੋਕਾਂ ਦੀ ਸਹੂਲਤ ਲਈ ਹੈਲਫ ਲਾਇਨ ਨੰਬਰ ਦੇਣਾ ਚਾਹੀਦਾ ਹੈ ਅਤੇ ਜੇਕਰ ਕੋਈ ਸ਼ਿਕਾਇਤ ਕਰਦਾ ਹੈ ਤਾਂ ਉਸ ਤੇ ਸਖਤੀ ਨਾਲ ਅਮਲ ਕਰਨਾ ਚਾਹੀਦਾ ਹੈ।ਜੀਰੋ ਟਾਲਰੈਂਸ ਦੀ ਨੀਤੀ ਤੇ ਸਖਤ ਕਾਨੂੰਨ ਬਣਾ ਕੇ ਮਿਲਾਵਾਟ ਖੋਰਾਂ ਦੀ ਦੁਕਾਨ ਤੁਰੰਤ ਸੀਲ ਕੀਤੀ ਜਾਵੇ। ਇਸ ਸੰਬੰਧੀ ਫੂਡ ਸੇਫਟੀ ਆਫੀਸਰ ਗੋਰਵ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮਿਲਾਵਟ ਖੋਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇਗਾ।