ਪਟਿਆਲਾ, 9 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਡੀ. ਏ. ਵੀ. ਪਬਲਿਕ ਸਕੂਲ, ਪਟਿਆਲਾ ਵਿਖੇ ਵਿਦਿਆਰਥੀਆਂ ਵਿਚ ਆਤਮ-ਜਾਗਰੂਕਤਾ, ਜੀਵਨ ਦੇ ਉਦੇਸ਼ ਦੀ ਸਮਝ ਤੇ ਸ਼ਖ਼ਸੀਅਤ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ‘ਯੂਥ ਜੀਪੀਟੀ’ ਵਿਸ਼ੇ ’ਤੇ ਇਕ ਪ੍ਰੇਰਨਾਦਾਇਕ ਅਤੇ ਵਿਚਾਰ-ਉਤਸ਼ਾਹਕ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਚਿਨਮਯ ਮਿਸ਼ਨ ਦੇ ਸਵਾਮੀ ਚਿਦਰੂਪਾਨੰਦ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਉਨ੍ਹਾਂ ਦੇ ਨਾਲ ਸਵਾਮੀ ਮਾਧਵਾਨੰਦ, ਬ੍ਰਹਮਚਾਰਿਣੀ ਕਾਲਿੰਦੀ, ਬ੍ਰਹਮਚਾਰੀ ਸੁਧਾਂਸ਼ੂ ਤੇ ਡਾ. ਦਿਨੇਸ਼ ਕੇ. ਗੁਪਤਾ ਵੀ ਹਾਜ਼ਰ ਸਨ। ਸਵਾਮੀ ਚਿਦਰੂਪਾਨੰਦ ਨੇ ਆਪਣੇ ਗਿਆਨਵਰਧਕ ਅਤੇ ਪ੍ਰੇਰਨਾਦਾਇਕ ਵਿਚਾਰਾਂ ਰਾਹੀਂ ਵਿਦਿਆਰਥੀਆਂ ਨੂੰ ਆਤਮ-ਜਾਗਰੂਕਤਾ, ਜੀਵਨ ਦੇ ਉਦੇਸ਼ ਨੂੰ ਸਮਝਣ ਤੇ ਆਪਣੇ ਅੰਦਰ ਸਕਾਰਾਤਮਕ ਤਬਦੀਲੀ ਲਿਆਉਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਸਮਝਾਇਆ ਕਿ ਜੀਵਨ ਵਿਚ ਸਫ਼ਲਤਾ ਕੇਵਲ ਅਕਾਦਮਿਕ ਪ੍ਰਾਪਤੀਆਂ ਤੱਕ ਸੀਮਿਤ ਨਹੀਂ ਹੁੰਦੀ, ਸਗੋਂ ਆਤਮ-ਵਿਸ਼ਵਾਸ, ਸਪੱਸ਼ਟ ਸੋਚ, ਨੈਤਿਕ ਕਦਰਾਂ-ਕੀਮਤਾਂ ਅਤੇ ਸੰਤੁਲਿਤ ਨਜ਼ਰੀਏ ਦਾ ਵਿਕਾਸ ਵੀ ਬਹੁਤ ਜ਼ਰੂਰੀ ਹੈ। ਸਵਾਮੀ ਜੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਸਲ ਤਬਦੀਲੀ ਉਦੋਂ ਹੀ ਸੰਭਵ ਹੈ, ਜਦੋਂ ਗਿਆਨ ਨੂੰ ਰੋਜ਼ਾਨਾ ਜੀਵਨ ਦੇ ਵਿਹਾਰ ਵਿਚ ਅਪਣਾਇਆ ਜਾਵੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਤਜਰਬਿਆਂ ਤੋਂ ਸਿੱਖਣ, ਸੋਚ-ਸਮਝ ਕੇ ਫ਼ੈਸਲੇ ਲੈਣ ਤੇ ਹਿੰਮਤ, ਦਇਆ ਤੇ ਜ਼ਿੰਮੇਵਾਰੀ ਨਾਲ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਸ ਵਾਮੀ ਚਿਦਰੂਪਾਨੰਦ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਨੇ ਜੀਵਨ ਭਰ ਸਿੱਖਦੇ ਰਹਿਣ, ਆਤਮ-ਚਿੰਤਨ ਕਰਨ ਤੇ ਆਪਣੇ ਨਿੱਜੀ ਤੇ ਅਕਾਦਮਿਕ ਜੀਵਨ ਵਿੱਚ ਸੋਚ-ਸਮਝ ਕੇ ਫ਼ੈਸਲੇ ਲੈਣ ਦੀ ਪ੍ਰੇਰਣਾ ਪ੍ਰਾਪਤ ਕੀਤੀ।