ਰਾਜਪੁਰਾ, 15 ਅਕਤੂਬਰ (ਜੀ.ਪੀ. ਸਿੰਘ)- ਥਾਣਾ ਸ਼ਹਿਰੀ ਦੀ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਚਾਰ ਵਿਅਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 6 ਮੋਟਰਸਾਈਕਲ ਅਤੇ 3 ਐਕਟੀਵਾ ਸਮੇਤ ਚੋਰੀ ਦੇ 9 ਵਾਹਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਥਾਣਾ ਸ਼ਹਿਰੀ ਦੇ ਮੁੱਖ ਅਫ਼ਸਰ ਇੰਸਪੈਕਟਰ ਸੁਮਿੱਤ ਮੌਰ ਨੇ ਦੱਸਿਆ ਕਿ ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਸਹਾਇਕ ਥਾਣੇਦਾਰ ਸਤਨਾਮ ਸਿੰਘ ਤੇ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਨੇ ਆਪਣੀ ਟੀਮ ਸਮੇਤ 9 ਅਕਤੂਬਰ 2026 ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ 4 ਵਿਅਕਤੀਆਂ ਨੂੰ ਚੋਰੀ ਦੇ ਦੋ ਮੋਟਰਸਾਈਕਲ ਸਮੇਤ ਕਾਬੂ ਕੀਤਾ ਸੀ, ਜਿਨਾਂ ਦੀ ਪਹਿਚਾਣ ਵਿਜੈ ਕੁਮਾਰ ਵਾਸੀ ਧਰਮਪੁਰਾ ਕਲੋਨੀ ਕਾਲਕਾ ਰੋਡ ਰਾਜਪੁਰਾ, ਹਰਵਿੰਦਰ ਸਿੰਘ ਉਰਫ ਹੈਰੀ ਵਾਸੀ ਨਵਯੁਗ ਕਲੋਨੀ ਪੁਰਾਣਾ ਰਾਜਪੁਰਾ, ਗੁਰਜੀਤ ਸਿੰਘ ਵਾਸੀ ਬਾਬਾ ਦੀਪ ਸਿੰਘ ਕਲੋਨੀ ਰਾਜਪੁਰਾ ਅਤੇ ਦੀਪਕ ਉਰਫ ਬੱਬੂ ਵਾਸੀ ਲੁਹਾਰਾਂ ਵਾਲਾ ਮਹੱਲਾ ਪੁਰਾਣਾ ਰਾਜਪੁਰਾ ਦੇ ਤੌਰ ਤੇ ਹੋਈ। ਇਨ੍ਹਾਂ ਵਿਚੋਂ ਇਕ ਮੋਟਰਸਾਈਕਲ ’ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ, ਜਦੋਂ ਕਿ ਦੂਜਾ ਬਿਨਾਂ ਨੰਬਰੀ ਸੀ। ਥਾਣਾ ਸ਼ਹਿਰੀ ਦੀ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਐੱਸ. ਐੱਚ. ਓ. ਸੁਮਿੱਤ ਮੋਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ 7 ਹੋਰ ਵਾਹਨ ਬਰਾਮਦ ਕੀਤੇ ਗਏ, ਜਿਸ ਤਹਿਤ ਹੁਣ ਤੱਕ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ 6 ਮੋਟਰਸਾਈਕਲ ਅਤੇ 3 ਐਕਟੀਵਾ ਸਣੇ ਕੁਲ 9 ਵਾਹਨ ਬਰਾਮਦ ਕੀਤੇ ਜਾ ਚੁੱਕੇ ਹਨ। ਇਸ ਮੌਕੇ ਪੁਲਿਸ ਚੌਂਕੀ ਬੱਸ ਅੱਡਾ ਦੇ ਇੰਚਾਰਜ ਥਾਣੇਦਾਰ ਸਤਨਾਮ ਸਿੰਘ, ਹੌਲਦਾਰ ਭਜਨ ਸਿੰਘ ਸਮੇਤ ਹੋਰ ਹਾਜ਼ਰ ਸਨ।