09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

40 ਮੁਕਤਿਆਂ ਦੀ ਯਾਦ ਵਿਚ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 03-05-2026
ਸ੍ਰੀ ਮੁਕਤਸਰ ਸਾਹਿਬ, 2 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰਪਾਲ)-40 ਮੁਕਤਿਆਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ ਅੱਜ ਗੁਰਦੁਆਰਾ ਟਿੱਬੀ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਦੀ ਰਵਾਨਗੀ ਹੋਈ | ਇਸ ਤੋਂ ਪਹਿਲਾਂ ਰਵਾਨਗੀ ਦੀ ਅਰਦਾਸ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗਬੀਰ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਮੀ ਜਨਰਲ ਸਕੱਤਰ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਗਜੀਤ ਸਿੰਘ ਹਨੀ ਫ਼ੱਤਣਵਾਲਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ, ਸਾਬਕਾ ਮੈਨੇਜਰ ਭਾਈ ਸੁਮੇਰ ਸਿੰਘ ਸਮੇਤ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਸਜੀ ਪਾਲਕੀ ਵਿਚ ਸੁਸ਼ੋਭਿਤ ਸਨ | ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਨਾਲ ਚੱਲ ਰਹੀਆਂ ਸਨ ਅਤੇ ਰਾਗੀ ਜਥੇ ਵਲੋਂ ਵੀ ਵੱਖ-ਵੱਖ ਪੜਾਵਾਂ ਤੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ | ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸਮਾਪਤ ਹੋਇਆ | ਇੱਥੇ 40 ਮੁਕਤਿਆਂ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ | ਜਿਨ੍ਹਾਂ ਦਾ ਭੋਗ 4 ਮਈ (21 ਵਿਸਾਖ) ਨੂੰ ਸਵੇਰੇ ਪਵੇਗਾ | ਇਸ ਉਪਰੰਤ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਸਾਰਾ ਦਿਨ ਕੀਰਤਨ ਪ੍ਰਵਾਹ ਚੱਲੇਗਾ | ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਸਵੇਰੇ 9 ਵਜੇ ਭੋਗ ਪੈਣਗੇ, ਇਸ ਉਪਰੰਤ 10 ਵਜੇ ਤੱਕ ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਜਥੇ ਵਲੋਂ ਕੀਰਤਨ ਕੀਤਾ ਜਾਵੇਗਾ | ਇਸ ਉਪਰੰਤ ਧਾਰਮਿਕ ਦੀਵਾਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਸਜਣਗੇ | ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ | ਇਸ ਸਬੰਧੀ ਸ਼੍ਰੋਮਣੀ ਕਮੇਟੀ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ | ਪ੍ਰਬੰਧਕਾਂ ਨੇ ਇਲਾਕੇ ਦੀ ਸੰਗਤ ਨੂੰ 40 ਮੁਕਤਿਆਂ ਦੀ ਯਾਦ ਵਿਚ ਸ਼ਹੀਦੀ ਸਮਾਗਮਾਂ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ |
ਪਿਛਲੀ ਖ਼ਬਰ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਕੀਤੀ ਜਾਵੇ ਫ਼ਸਲਾਂ ਦੀ ਕਾਸ਼ਤ-ਖੁੱਡੀਆਂ ਅਗਲੀ ਖ਼ਬਰ ਕਿਡਸ ਕਿੰਗਡਮ ਕਾਨਵੈਂਟ ਸਕੂਲ ਵਿਖੇ ਲਾਫ਼ਟਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।