ਮਲੋਟ, 7 ਜੂਨ (ਪਾਟਿਲ)-ਲੰਘੀ 26 ਮਈ ਨੂੰ ਪਈਆਂ ਵੋਟਾਂ ਅਤੇ 29 ਮਈ ਨੂੰ ਐਲਾਨੇ ਗਏ ਮਲੋਟ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੀਆਂ ਸਿਆਸੀ ਗਤੀਵਿਧੀਆਂ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ | ਇਸੇ ਲੜੀ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਕੋਟਭਾਈ ਦੀ ਅਗਵਾਈ ਹੇਠ ਮਲੋਟ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਗਰ ਕੌਂਸਲ ਮੈਂਬਰਾਂ ਤੇ ਚੋਣ ਲੜੇ ਸਮੂਹ ਉਮੀਦਵਾਰਾਂ ਦੀ ਅਹਿਮ ਮੀਟਿੰਗ ਹੋਈ | ਮੀਟਿੰਗ ਦੌਰਾਨ ਹਰਪ੍ਰੀਤ ਸਿੰਘ ਕੋਟਭਾਈ ਨੇ ਹਾਲ ਹੀ ਵਿਚ ਸੰਪੰਨ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ, ਜੇਤੂ ਕੌਂਸਲਰਾਂ ਤੇ ਸਮੂਹ ਆਗੂਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ ਦੇ ਸਮੂਹ ਵਰਕਰਾਂ ਤੇ ਆਗੂਆਂ ਨੇ ਇਹ ਚੋਣਾਂ ਬਹੁਤ ਹੀ ਤਕੜੇ ਹੋ ਕੇ ਅਤੇ ਦਲੇਰੀ ਨਾਲ ਲੜੀਆਂ ਹਨ, ਜਿਸ ਲਈ ਸਮੁੱਚੀ ਵਰਕਰ ਵਧਾਈ ਦੀ ਪਾਤਰ ਹੈ | ਸ. ਕੋਟਭਾਈ ਨੇ ਮੀਟਿੰਗ ਵਿਚ ਹਾਜ਼ਰ ਸਾਰੇ ਆਗੂਆਂ ਤੇ ਵਰਕਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਚੋਣ ਨਤੀਜੇ ਜੋ ਵੀ ਰਹੇ ਹੋਣ, ਪਰ ਸਾਡੀ ਲੋਕਾ ਪ੍ਰਤੀ ਜਵਾਬਦੇਹੀ ਲਗਾਤਾਰ ਬਣੀ ਹੋਈ ਹੈ | ਉਨ੍ਹਾਂ ਸਮੂਹ ਆਗੂਆਂ ਨੂੰ ਹਦਾਇਤ ਕੀਤੀ ਕਿ ਉਹ ਅੱਗੇ ਵੀ ਨਿਰੰਤਰ ਸ਼ਹਿਰ ਵਾਸੀਆਂ ਦੇ ਸੁੱਖ-ਦੁੱਖ ਵਿਚ ਸ਼ਾਮਿਲ ਹੋਣ ਅਤੇ ਉਨ੍ਹਾਂ ਨਾਲ ਮਜ਼ਬੂਤ ਰਾਬਤਾ ਕਾਇਮ ਰੱਖਣ | ਇਸ ਮੀਟਿੰਗ ਵਿਚ ਨਵੇਂ ਚੁਣੇ ਗਏ ਨਗਰ ਕੌਂਸਲ ਮੈਂਬਰਾਂ ਤੇ ਚੋਣ ਲੜ ਚੁੱਕੇ ਉਮੀਦਵਾਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਸ. ਕੋਟਭਾਈ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਅਤੇ ਮਲੋਟ ਸ਼ਹਿਰ ਦੇ ਵਿਕਾਸ ਲਈ ਦਿਨ-ਰਾਤ ਇਕ ਕਰਕੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ |