ਗਿੱਦੜਬਾਹਾ, 9 ਜੂਨ (ਸ਼ਿਵਰਾਜ ਸਿੰਘ ਬਰਾੜ)-ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਦੇ ਪ੍ਰਧਾਨ ਕੁਲਦੀਪ ਸਿੰਘ ਨੇਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਬੀਤੇ ਦਿਨੀਂ ਪਟਿਆਲਾ ਵਿਖੇ ਬੇਰੁਜ਼ਗਾਰਾਂ 'ਤੇ ਪੁਲਿਸ ਵਲੋਂ ਕੀਤੇ ਗਏ ਅੰਨ੍ਹੇ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ | ਜਥੇਬੰਦੀ ਯੂਥ ਵਿੰਗ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੇਤਾ ਕੋਟਭਾਈ ਨੇ ਕਿਹਾ ਕਿ 'ਆਪ' ਵਲੋਂ ਚੋਣਾਂ ਤੋਂ ਪਹਿਲਾਂ ਸੱਥਾਂ ਵਿਚੋਂ ਚੱਲਣ ਵਾਲੀ ਸਰਕਾਰ ਬਣਾਉਣ ਦਾ ਢਿੰਡੋਰਾ ਪਿੱਟਿਆ ਗਿਆ ਸੀ, ਪ੍ਰੰਤੂ ਇੱਥੇ ਸਭ ਕੁਝ ਉਲਟ ਹੋ ਗਿਆ ਹੈ | ਨੌਕਰੀਆਂ ਲੈਣ ਲਈ ਪਟਿਆਲਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ ਨੂੰ ਜਿਸ ਤਰ੍ਹਾਂ ਕੁੱਟਿਆ ਜਾ ਰਿਹਾ ਸੀ ਤਾਂ ਹਰ ਕੋਈ ਅਜਿਹੀ ਫ਼ੇਲ੍ਹ ਸਰਕਾਰ ਨੂੰ ਲਾਹਨਤਾਂ ਪਾ ਰਿਹਾ ਸੀ | ਇਸ ਮੌਕੇ ਜਸਬੀਰ ਸਿੰਘ, ਨਾਨਕ ਸਿੰਘ ਸੂਬਾ ਮੀਤ ਪ੍ਰਧਾਨ, ਜਗਜੀਤ ਸਿੰਘ ਬਰਾੜ, ਬਲਦੇਵ ਸਿੰਘ ਮਾਨ, ਗਗਨਦੀਪ ਸਿੰਘ, ਜਲੌਰ ਸਿੰਘ, ਮਨਜਿੰਦਰ ਸਿੰਘ, ਅਰਸ਼ਦੀਪ ਸਿੰਘ ਅਤੇ ਬਲਦੇਵ ਸਿੰਘ ਸ਼ਾਮਖੇੜਾ ਆਦਿ ਹਾਜ਼ਰ ਸਨ |