ਫ਼ਰੀਦਕੋਟ, 16 ਜੂਨ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਕੰਨਸਟੀਚਿਊਟ ਸੰਸਥਾ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਬਲੱਡ ਸੈਂਟਰ ਨੂੰ ਖ਼ੂਨ ਚੜ੍ਹਾਉਣ ਸੇਵਾਵਾਂ ਵਿਚ ਉੱਤਮ ਯੋਗਦਾਨ ਲਈ ਰਾਸ਼ਟਰੀ ਪੱਧਰ ‘ਤੇ ਸਨਮਾਨਿਤ ਕੀਤਾ ਗਿਆ ਹੈ। ਇਹ ਮਾਣਮੱਤਾ ਸਨਮਾਨ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਅਹਿਮਦਾਬਾਦ (ਗੁਜਰਾਤ) ਵਿਖੇ ‘ਨੈਸ਼ਨਲ ਲੈਵਲ ਐਨ.ਜੀ.�. ਕੌਨਕਲੇਵ ਆਨ ਬਲੱਡ ਟਰਾਂਸਫਿਊਜ਼ਨ ਸਰਵਿਸਿਜ਼’ ਪ੍ਰੋਗਰਾਮ ਦੌਰਾਨ ਪ੍ਰਦਾਨ ਕੀਤਾ ਗਿਆ। ਇਹ ਰਾਸ਼ਟਰੀ ਮਾਨਤਾ ਜੀ.ਜੀ.ਐਸ.ਐਮ.ਸੀ.ਐਚ. ਦੇ ਬਲੱਡ ਸੈਂਟਰ ਵਲੋਂ ਖੂਨ ਚੜ੍ਹਾਉਣ ਸੇਵਾਵਾਂ ਨੂੰ ਮਜ਼ਬੂਤ ਬਣਾਉਣ, ਸੁਰੱਖਿਅਤ ਖੂਨ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ, ਸਵੈ-ਇੱਛੁਕ ਖੂਨਦਾਨ ਨੂੰ ਪ੍ਰੋਤਸਾਹਨ ਦੇਣ ਅਤੇ ਲੋੜਵੰਦ ਮਰੀਜ਼ਾਂ ਲਈ ਗੁਣਵੱਤਾ ਭਰਪੂਰ ਖੂਨ ਅਤੇ ਬਲੱਡ ਕੰਪੋਨਿੰਟ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਮਿਸਾਲੀ ਕਾਰਜਾਂ ਦੀ ਪ੍ਰਸ਼ੰਸਾ ਹੈ। ਇਸ ਪ੍ਰਾਪਤੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਬਲੱਡ ਸੈਂਟਰ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਨਮਾਨ ਨਾ ਸਿਰਫ਼ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਯੂਨੀਵਰਸਿਟੀ ਲਈ ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਮਰੀਜ਼ ਸੇਵਾ, ਗੁਣਵੱਤਾ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਸੰਸਥਾ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਵਿਭਾਗ ਦੀ ਟੀਮ, ਸਵੈ-ਇੱਛੁਕ ਖੂਨਦਾਨੀਆਂ ਅਤੇ ਐਨ.ਜੀ.�ਜ. ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਨੀਤੂ ਕੁੱਕੜ, ਪ੍ਰੋਫੈਸਰ ਅਤੇ ਮੁਖੀ ਇਮਿਊਨੋਹੀਮੈਟੋਲੋਜੀ ਅਤੇ ਬਲੱਡ ਟਰਾਂਸਫਿਊਜ਼ਨ ਵਿਭਾਗ ਨੇ ਆਪਣੀ ਖੁਸ਼ੀ ਅਤੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਹ ਉਪਲਬਧੀ ਸਾਰੇ ਸਬੰਧਿਤ ਧਿਰਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਉਹ ਪ੍ਰੋ. (ਡਾ.) ਰਾਜੀਵ ਸੂਦ ਵਾਈਸ ਚਾਂਸਲਰ ਅਤੇ ਡਾ. ਸੁਨੀਤਾ ਭਗਤ ਜੁਆਇੰਟ ਡਾਇਰੈਕਟਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦਾ ਉਨ੍ਹਾਂ ਦੀ ਕੀਮਤੀ ਰਹਿਨੁਮਾਈ ਅਤੇ ਨਿਰੰਤਰ ਹੌਸਲਾ-ਅਫ਼ਜ਼ਾਈ ਲਈ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਬਲੱਡ ਸੈਂਟਰ ਦੀ ਸਮਰਪਿਤ ਟੀਮ ਦੇ ਮੈਂਬਰਾਂ ਡਾ. ਪਰੁਲ ਗਰਗ ਐਸੋਸੀਏਟ ਪ੍ਰੋਫੈਸਰ, ਡਾ. ਅੰਜਲੀ ਹਾਂਡਾ, ਡਾ. ਨਵਰੀਤ ਸਿੰਘ ਅਤੇ ਡਾ. ਸਿਮਰਨਜੀਤ ਕੌਰ ਸਹਾਇਕ ਪ੍ਰੋਫੈਸਰ, ਪੋਸਟ ਗ੍ਰੈਜੂਏਟ ਵਿਦਿਆਰਥੀਆਂ ਡਾ. ਰਿਚਾ, ਡਾ. ਰਾਜਤ, ਡਾ. ਹਰਜੋਤ ਅਤੇ ਡਾ. ਸਕਸ਼ਮ ਅਤੇ ਬਲੱਡ ਸੈਂਟਰ ਦੇ ਸਮੂਹ ਸਟਾਫ਼ ਦਾ ਵਿਸ਼ੇਸ਼ ਧੰਨਵਾਦ ਕੀਤਾ। ਜਿਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਇਹ ਮਾਣਮੱਤੀ ਪ੍ਰਾਪਤੀ ਸੰਭਵ ਹੋ ਸਕੀ। ਇਮਿਊਨੋਹੀਮੈਟੋਲੋਜੀ ਅਤੇ ਬਲੱਡ ਟਰਾਂਸਫਿਊਜ਼ਨ ਵਿਭਾਗ ਨੇ ਦੁਹਰਾਇਆ ਕਿ ਉਹ ਭਵਿੱਖ ਵਿਚ ਵੀ ਖੂਨ ਚੜ੍ਹਾਉਣ ਸੇਵਾਵਾਂ ਦੇ ਉੱਚ ਮਾਪਦੰਡਾਂ ਨੂੰ ਕਾਇਮ ਰੱਖਦੇ ਹੋਏ ਮਨੁੱਖਤਾ ਦੀ ਸੇਵਾ ਲਈ ਪੂਰੀ ਸਮਰਪਣ ਭਾਵਨਾ ਨਾਲ ਕੰਮ ਕਰਦਾ ਰਹੇਗਾ।
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾ ਬਲੱਡ ਸੈਂਟਰ, ਖ਼ੂਨ ਚੜ੍ਹਾਉਣ ਸੇਵਾਵਾਂ ’ਚ ਉੱਤਮਤਾ ਲਈ ਰਾਸ਼ਟਰੀ ਪੱਧਰ ’ਤੇ ਸਨਮਾਨਿਤ
ਅਜੀਤ ਡੈਸਕ
17-06-2026