26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪੰਜਾਬੀ ਯੂਨੀਵਰਸਿਟੀ 100 ਤੋਂ 300 ਫ਼ੀਸਦੀ ਫ਼ੀਸ ਫ਼ੰਡ ‘ਚ ਕੀਤਾ ਵਾਧਾ ਤੁਰੰਤ ਵਾਪਸ ਲਵੇ

ਅਜੀਤ ਡੈਸਕ 17-06-2026

ਸਾਦਿਕ, 16 ਜੂਨ (ਗੁਰਭੇਜ ਸਿੰਘ ਚੌਹਾਨ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਾਲਜਾਂ ਤੋਂ ਲਈਆਂ ਜਾਣ ਵਾਲੀਆਂ ਕੰਟੀਨਿਊਏਸ਼ਨ, ਅਫ਼ੀਲੀਏਸ਼ਨ ਫ਼ੀਸਾਂ, ਰਜਿਸਟਰੇਸ਼ਨ ਫ਼ੀਸਾਂ ਅਤੇ ਰਿਜ਼ਰਵ ਫ਼ੰਡ ਵਿਚ 100 ਤੋਂ 300 ਫ਼ੀਸਦੀ ਤੱਕ ਕੀਤੇ ਗਏ ਵੱਡੇ ਵਾਧੇ ਖਿਲਾਫ਼ ਪੰਜਾਬ ਅਣਏਡਿਡ ਡਿਗਰੀ ਕਾਲਜ ਐਸੋਸੀਏਸ਼ਨ (ਪੁਡਕਾ) ਨੇ ਸਖ਼ਤ ਰੋਸ ਪ੍ਰਗਟ ਕੀਤਾ ਹੈ। ਇਹ ਜਾਣਕਾਰੀ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਦੇ ਵਾਈਸ ਪਿ੍ਰੰਸੀਪਲ ਪ੍ਰੀਤਇੰਦਰ ਕੌਰ ਗੋਂਦਾਰਾ ਨੇ ਦਿੰਦਿਆਂ ਕਿਹਾ ਕਿ ਐਸੋਸੀਏਸ਼ਨ ਦੇ ਪ੍ਰਧਾਨ ਐਸ.ਐਸ. ਚੱਠਾ ਨੇ ਇਸ ਫ਼ੈਸਲੇ ਨੂੰ ਕਾਲਜਾਂ ਅਤੇ ਵਿਦਿਆਰਥੀਆਂ ਉੱਪਰ ਵੱਡਾ ਵਿੱਤੀ ਹਮਲਾ ਕਰਾਰ ਦਿੱਤਾ ਹੈ। ਪੁਡਕਾ ਦੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਐਸ. ਐਸ. ਚੱਠਾ ਨੇ ਕਿਹਾ ਕਿ ਪਹਿਲਾਂ ਹੀ ਦਾਖਲਿਆਂ ਵਿਚ ਆਈ ਭਾਰੀ ਗਿਰਾਵਟ ਕਾਰਨ ਨਿੱਜੀ ਕਾਲਜ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਸਮੇਂ ਵਿਚ ਪੰਜਾਬੀ ਯੂਨੀਵਰਸਿਟੀ ਵਲੋਂ ਫ਼ੀਸਾਂ ਅਤੇ ਹੋਰ ਵਿੱਤੀ ਬੋਝ ਵਿਚ ਕੀਤਾ ਗਿਆ ਬੇਤਹਾਸ਼ਾ ਵਾਧਾ ਉੱਚ ਸਿੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਨ ਵਾਲਾ ਕਦਮ ਹੈ। ਇਸ ਨਾਲ ਉੱਚ ਸਿੱਖਿਆ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਨਵੇਂ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਫ਼ੀਸ ਵਿਚ ਲਗਪਗ 80 ਫ਼ੀਸਦੀ ਵਾਧਾ ਕੀਤਾ ਗਿਆ ਹੈ, ਜਦ ਕਿ ਕਾਲਜਾਂ ਲਈ ਲਾਜ਼ਮੀ ਰਿਜ਼ਰਵ ਫ਼ੰਡ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕਰ ਦਿੱਤਾ ਗਿਆ ਹੈ। ਚੱਠਾ ਨੇ ਦੋਸ਼ ਲਗਾਇਆ ਕਿ ਕਾਲਜਾਂ ਦੇ ਰਿਜ਼ਰਵ ਫੰਡ ਦੀ ਐਫ.ਡੀ.ਆਰ. ਉੱਪਰ ਲਿਆ ਜਾਣ ਵਾਲਾ ਸਰਵਿਸ ਚਾਰਜ 3 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਤੱਕ ਕਰ ਦਿੱਤਾ ਗਿਆ ਹੈ, ਜੋ ਕਿ ਕਰੋੜਾਂ ਰੁਪਏ ਦੀ ਨਾਜਾਇਜ਼ ਵਸੂਲੀ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਇਹ ਚਾਰਜ ਲੰਬੇ ਸਮੇਂ ਤੋਂ ਗੈਰ-ਵਾਜਬ ਢੰਗ ਨਾਲ ਵਸੂਲਿਆ ਜਾ ਰਿਹਾ ਹੈ ਅਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਕਾਲਜਾਂ ਅਤੇ ਅਧਿਆਪਕਾਂ ਨੂੰ ਪ੍ਰੀਖਿਆ ਕੇਂਦਰਾਂ, ਪ੍ਰੀਖਿਆ ਡਿਊਟੀਆਂ ਅਤੇ ਮੁਲਾਂਕਣ ਕਾਰਜਾਂ ਦੇ ਕਰੋੜਾਂ ਰੁਪਏ ਵੀ ਅਜੇ ਤੱਕ ਅਦਾ ਨਹੀਂ ਕੀਤੇ ਗਏ, ਜਿਸ ਕਾਰਨ ਸੰਸਥਾਵਾਂ ਨੂੰ ਹੋਰ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਲਜਾਂ ਦੇ ਸਟਾਫ਼ ਵਲੋਂ ਆਪਣੀਆਂ ਪ੍ਰੀਖਿਆ ਕੇਂਦਰਾਂ ਵਿਚ ਡਿਊਟੀਆਂ ਅਤੇ ਪੇਪਰ ਮੁਲਾਕਣ ਕਰਨ ਤੋਂ ਇੰਨਕਾਰ ਕੀਤਾ ਜਾ ਰਿਹਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਸਰਪ੍ਰਸਤ ਡਾ. ਗੁਰਮੀਤ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਡਾ. ਆਰ. ਕੇ. ਗੋਇਲ, ਤਰਸੇਮ ਸੈਣੀ, ਗੁਰਤੇਜ ਸਿੰਘ ਬਰਾੜ, ਬਲਵਿੰਦਰ ਸਿੰਘ ਬਰਾੜ, ਡਾ. ਸਤਨਾਮ ਸਿੰਘ ਸੰਧੂ, ਬੀ.ਐਡ. ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ, ਮੀਤ ਪ੍ਰਧਾਨ ਨਿਰਮਲ ਸਿੰਘ, ਰਾਮ ਸਿੰਘ ਢੱਲ, ਲਾਅ ਕਾਲਜਾਂ ਵਲੋਂ ਡਾ. ਮੋਹਨ ਲਾਲ ਗਰਗ, ਸਰੀਰਕ ਸਿੱਖਿਆ ਕਾਲਜਾਂ ਵਲੋਂ ਗੁਰਪ੍ਰੀਤ ਸਿੰਘ ਮਾਨ, ਮਨਜੀਤ ਸਿੰਘ ਚਹਿਲ, ਡਾ. ਅਮਰਜੀਤ ਸਿੰਘ ਸਿੱਧੂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੀ ਫੈਡਰੇਸ਼ਨ ਵਲੋਂ ਐਮ.ਐਲ. ਬਾਂਸਲ ਨੇ ਵੀ ਪੰਜਾਬੀ ਯੂਨੀਵਰਸਿਟੀ ਦੀ ਇਸ ਨੀਤੀ ਦੀ ਨਿਖੇਧੀ ਕੀਤੀ। ਮੀਟਿੰਗ ਵਿਚ ਹਾਜ਼ਰ ਸਮੂਹ ਕਾਲਜ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਵਲੋਂ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਵਧਾਈ ਗਈ ਐਫ.ਡੀ.ਆਰ. ਰਾਸ਼ੀ ਕੋਈ ਵੀ ਕਾਲਜ ਜਮ੍ਹਾਂ ਨਹੀਂ ਕਰਵਾਵੇਗਾ। ਆਗੂਆਂ ਨੇ ਐਲਾਨ ਕੀਤਾ ਕਿ ਯੂਨੀਵਰਸਿਟੀ ਦੀ ਇਸ ਧੱਕੇਸ਼ਾਹੀ ਵਿਰੁੱਧ ਹਰ ਮੋਰਚੇ ‘ਤੇ ਡਟ ਕੇ ਸੰਘਰਸ਼ ਕੀਤਾ ਜਾਵੇਗਾ। ਪੁਡਕਾ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬੀ ਯੂਨੀਵਰਸਿਟੀ ਵਲੋਂ ਫ਼ੀਸ ਵਾਧੇ ਦਾ ਫ਼ੈਸਲਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਸੂਬਾ ਪੱਧਰ ‘ਤੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ।

ਪਿਛਲੀ ਖ਼ਬਰ ਐੱਸ.ਡੀ.ਐੱਮ. ਵਲੋਂ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦਾ ਸਨਮਾਨ ਅਗਲੀ ਖ਼ਬਰ ਗੁਰਦੁਆਰਾ ਸੁਖਮਨੀ ਸਾਹਿਬ ਵਿਖੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।