ਫ਼ਰੀਦਕੋਟ, 14 ਫਰਵਰੀ (ਸਰਬਜੀਤ ਸਿੰਘ)ਇੱਥੋਂ ਦੀ ਮਾਡਰਨ ਕੇਂਦਰੀ ਜੇਲ੍ਹ ਦੀਆਂ ਬੈਰਕਾਂ ਦੀ ਜੇਲ੍ਹ ਅਧਿਕਾਰੀਆਂ ਵਲੋਂ ਕੀਤੀ ਗਈ ਅਚਾਨਕ ਤਲਾਸ਼ੀ ਦੌਰਾਨ 6 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ | ਸਿਟੀ ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ 5 ਹਵਾਲਾਤੀ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਪ੍ਰਾਪਤ ਸੂਚਨਾ ਅਨੁਸਾਰ ਵੀਰਪਾਲ ਸਿੰਘ ਸਹਾਇਕ ਸੁਪਰਡੈਂਟ, ਕੇਂਦਰੀ ਜੇਲ੍ਹ ਫ਼ਰੀਦਕੋਟ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਜੇਲ੍ਹ ਦੇ ਕਰਮਚਾਰੀਆਂ ਵਲੋਂ ਅਲੱਗ ਅਲੱਗ ਬੈਰਕਾਂ ਦੀ ਅਚਨਚੇਤੀ ਤਲਾਸ਼ੀ ਕੀਤੀ ਤਾਂ ਪੰਜ ਹਵਾਲਾਤੀਆਂ ਪਾਸੋਂ ਇਕ-ਇਕ ਮੋਬਾਈਲ ਫੋਨ ਅਤੇ ਇਕ ਲਾਵਾਰਿਸ ਹਾਲਤ ਵਿਚ ਮੋਬਾਈਲ ਫੋਨ ਬਰਾਮਦ ਹੋਇਆ | ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਹਵਾਲਾਤੀ ਮਨਜੀਤ ਸਿੰਘ ਉਰਫ਼ ਬਿੱਟੂ ਗੁੱਜਰ ਪੁੱਤਰ ਦਿਆਲ ਸਿੰਘ, ਹਵਾਲਾਤੀ ਗੁਰਭਿੰਦਰ ਸਿੰਘ ਪੁੱਤਰ ਸੂਬਾ ਸਿੰਘ, ਹਵਾਲਾਤੀ ਕੁਲਬੀਰ ਸਿੰਘ ਉਰਫ਼ ਬੋਹੜ ਪੁੱਤਰ ਗੁਰਭੇਜ ਸਿੰਘ, ਹਵਾਲਾਤੀ ਗੁਰਮਨਦੀਪ ਸਿੰਘ ਪੁੱਤਰ ਬੋਹੜ ਸਿੰਘ, ਹਵਾਲਾਤੀ ਹਰਜੀਤ ਸਿੰਘ ਉਰਫ਼ ਮੋਟਾ ਪੁੱਤਰ ਬਲਵਿੰਦਰ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਫ਼ਰੀਦਕੋਟ ਵਿਖੇ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ |