ਸ੍ਰੀ ਮੁਕਤਸਰ ਸਾਹਿਬ, 17 ਫ਼ਰਵਰੀ (ਹਰਮਹਿੰਦਰ ਪਾਲ)-ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਡਾ. ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਤੇ ਸਰਕਲ ਬਧਾਈ ਵਿਖੇ ਐੱਨ.ਐੱਮ.ਈ.ਓ. (ਆਇਲ ਸੀਡ) ਸਕੀਮ ਅਧੀਨ ਫਾਰਮਰ ਫ਼ੀਲਡ ਸਕੂਲ ਕਰਵਾਇਟਾ ਗਿਆ | ਇਸ ਮੌਕੇ ਡਾ. ਸ਼ਵਿੰਦਰ ਸਿੰਘ ਏ.ਡੀ.ਓ. (ਜ.ਕ.) ਵਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਨੈਸ਼ਨਲ ਮਿਸ਼ਨ ਆਨ ਐਡੀਬਲ ਆਇਲਜ਼-ਆਇਲਸੀਡਜ਼ ਇਕ ਕੇਂਦਰੀ ਸਪਾਂਸਰਡ ਸਕੀਮ ਹੈ, ਜਿਸ ਦਾ ਉਦੇਸ਼ ਖਾਣ ਵਾਲੇ ਤੇਲ ਦੇ ਉਤਪਾਦਨ ਵਿਚ ਭਾਰਤ ਨੂੰ ਆਤਮ-ਨਿਰਭਰ ਬਣਾਉਣਾ ਹੈ | ਇਹ ਮਿਸ਼ਨ ਸਾਲ 2024-25 ਤੋਂ 2030-31 ਤੱਕ 7 ਸਾਲਾਂ ਲਈ ਚਲਾਇਆ ਜਾ ਰਿਹਾ ਹੈ, ਜਿਸ ਦਾ ਕੁੱਲ ਬਜਟ 10,103 ਕਰੋੜ ਹੈ | ਪੰਜਾਬ ਵਿਚ ਹਾੜ੍ਹੀ 2025-26 ਦੌਰਾਨ ਸਰ੍ਹੋਂ ਦੇ ਪ੍ਰਦਰਸ਼ਨ ਪਲਾਟਾਂ (ਸੀ.ਐੱਫ਼.ਐੱਲ.ਡੀ. ) ਲਈ ਵਾਧੂ ਫ਼ੰਡ ਮਨਜ਼ੂਰ ਕੀਤੇ ਗਏ ਹਨ | ਮਿਸ਼ਨ ਦਾ ਟੀਚਾ 2030-31 ਤੱਕ ਤੇਲ ਬੀਜਾਂ ਦਾ ਉਤਪਾਦਨ 39 ਮਿਲੀਅਨ ਟਨ ਤੋਂ ਵਧਾ ਕੇ 69.7 ਮਿਲੀਅਨ ਟਨ ਕਰਨਾ ਹੈ | ਆਇਲ ਸੀਡ ਸਕੀਮ ਤਹਿਤ ਉਨ੍ਹਾਂ ਸਰ੍ਹੋਂ ਅਤੇ ਵੱਖ-ਵੱਖ ਤੇਲ ਬੀਜਾਂ ਦੀ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ | ਇਸ ਕੈਂਪ ਵਿਚ ਡਾ. ਹਰਮਨਦੀਪ ਸਿੰਘ ਏ.ਡੀ.ਓ. ਸਰਕਲ ਬਧਾਈ ਨੇ ਮਿੱਟੀ-ਪਾਣੀ ਪਰਖ ਦੀ ਮਹੱਤਤਾ ਅਤੇ ਸੈਂਪਲ ਲੈਣ ਦੀ ਵਿਧੀ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ | ਉਨ੍ਹਾਂ ਮਿੱਟੀ ਦੇ ਕਾਲੇ ਸ਼ੋਰੇ ਦੇ ਸੁਧਾਰ ਲਈ ਜਿਪਸਮ ਦੀ ਵਰਤੋਂ ਕਰਨ ਦੀ ਸਿਫ਼ਾਰਸ਼ ਕੀਤੀ, ਜਿਸ ਨੂੰ ਚਾਹਵਾਨ ਕਿਸਾਨ 50 ਪ੍ਰਤੀਸ਼ਤ ਸਬਸਿਡੀ 'ਤੇ ਵਿਭਾਗ ਪਾਸੋਂ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਵਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਨਰਮੇ ਦੀ ਗੁਲਾਬੀ ਸੁੰਡੀ ਛਟੀਆਂ ਦੇ ਢੇਰਾਂ ਵਿਚ ਅੱਧ-ਖਿੜੇ ਟੀਂਡਿਆਂ 'ਚ ਅਜੇ ਵੀ ਮੌਜੂਦ ਹੈ | ਇਸ ਕਰਕੇ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਛਟੀਆਂ ਦੇ ਢੇਰਾਂ ਨੂੰ ਝਾੜ ਕੇ ਰੱਖੀਏ ਅਤੇ ਅੱਧ-ਖਿੜੇ ਟੀਂਡਿਆਂ ਨੂੰ ਨਸ਼ਟ ਕਰ ਦਈਏ ਜਾਂ ਛਟੀਆਂ ਨਰਮੇ ਦੀ ਬਿਜਾਈ ਤੋਂ ਪਹਿਲਾਂ-ਪਹਿਲਾਂ ਵਰਤ ਲਈਆਂ ਜਾਣ, ਤਾਂ ਜੋ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕੇ | ਨਵਦੀਪ ਕੌਰ ਏ.ਐੱਸ.ਆਈ. ਸਰਕਲ ਬਧਾਈ ਨੇ ਆਏ ਹੋਏ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਈ-ਕੇ.ਵਾਈ.ਸੀ. ਕਰਵਾਉਣ ਲਈ ਜਾਗਰੂਕ ਕੀਤਾ ਅਤੇ ਇਸ ਸਕੀਮ ਅਧੀਨ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਉਚਿਤ ਹੱਲ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਕੈਂਪ ਦਾ ਸਾਰਾ ਪ੍ਰਬੰਧ ਸਵਰਨਜੀਤ ਸਿੰਘ ਏ.ਟੀ.ਐੱਮ. (ਆਤਮਾ) ਅਤੇ ਦੀਪਇੰਦਰ ਸਿੰਘ ਸੇਵਦਾਰ ਵਲੋਂ ਕੀਤਾ ਗਿਆ | ਇਸ ਮੌਕੇ 'ਆਪ' ਆਗੂ ਰੁਪਿੰਦਰ ਸਿੰਘ (ਡਾਇਰੈਕਟਰ ਕੋਆਪ੍ਰੇਟਿਵ ਬੈਂਕ), ਸੋਹਨ ਸਿੰਘ, ਪਿੰਡ ਦੇ ਮੌਜੂਦਾ ਸਰਪੰਚ ਸਿਕੰਦਰ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ | ਅੰਤ ਵਿਚ ਆਤਮਾ ਸਕੀਮ ਅਧੀਨ ਚੂਹੇਮਾਰ ਦਵਾਈ ਗੇਜ਼ ਵਿਚ ਰਲਾ ਕੇ ਕਿਸਾਨਾਂ ਨੂੰ ਵੰਡੀ ਗਈ |