ਫ਼ਰੀਦਕੋਟ, 28 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਅੱਜ ਬਰਨਾਲਾ ਵਿਖੇ ਕਾਂਗਰਸ ਪਾਰਟੀ ਵਲੋਂ ਕੀਤੀ ਗਈ ਮਹਾਂ ਰੈਲੀ ਮਨਰੇਗਾ ਬਚਾਓ ਸੰਗਰਾਮ 'ਚ ਸ਼ਾਮਿਲ ਹੋਣ ਲਈ ਜ਼ਿਲ੍ਹੇ ਦੇ ਸਮੂਹ ਆਗੂਆਂ ਤੇ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਰੈਲੀ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਕੀਤੀ ਗਈ ਸੀ | ਰੈਲੀ ਵਿਚ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਸ੍ਰੀ ਰਾਹੁਲ ਗਾਂਧੀ ਦੇ ਭਾਸ਼ਣਾਂ ਨੇ ਰੈਲੀ ਵਿਚ ਸ਼ਾਮਿਲ ਲੋਕਾਂ 'ਤੇ ਆਪਣਾ ਪ੍ਰਭਾਵ ਛੱਡਿਆ | ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿਚ 60 ਦੇ ਕਰੀਬ ਗੱਡੀਆਂ ਉਨ੍ਹਾਂ ਦੇ ਸੈਂਕੜੇ ਵਰਕਰਾਂ ਸਮੇਤ ਰੈਲੀ ਵਿਚ ਪਹੁੰਚੀਆਂ | ਇੱਥੇ ਜ਼ਿਕਰਯੋਗ ਹੈ ਕਿ ਅੱਜ ਸਵੇਰੇ ਨਵਦੀਪ ਸਿੰਘ ਬੱਬੂ ਬਰਾੜ ਦੀ ਅਗਵਾਈ ਵਿਚ ਬਰਨਾਲਾ ਨੂੰ ਰਵਾਨਾ ਹੋਏ ਕਾਫ਼ਲੇ ਵਿਚ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਅਤੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਸਵ: ਸ: ਅਵਤਾਰ ਸਿੰਘ ਬਰਾੜ ਦੇ ਪੁਰਾਣੇ ਸਾਥੀ ਵੀ ਨਜ਼ਰ ਆਏ |