ਕੋਟਕਪੂਰਾ, 28 ਫ਼ਰਵਰੀ (ਮੋਹਰ ਸਿੰਘ ਗਿੱਲ)-ਸਥਾਨਕ ਵੈਸਟ ਪੁਆਇੰਟ ਸਕੂਲ 'ਚ 'ਯੂਰੇਕਾ ਸਾਇੰਸ ਫ਼ੇਅਰ 2ਕੇ26' ਦਾ ਸ਼ਾਨਦਾਰ ਪ੍ਰੋਗਰਾਮ ਕੀਤਾ ਗਿਆ | ਇਸ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨਾ ਅਤੇ ਕਲਾਸ-ਰੂਮ ਸਿੱਖਿਆ ਨੂੰ ਪ੍ਰਯੋਗਾਤਮਕ ਜੀਵਨ ਨਾਲ ਜੋੜਨਾ ਸੀ | ਇਸ ਸਾਇੰਸ ਫ਼ੇਅਰ ਦਾ ਉਦਘਾਟਨ ਮੁੱਖ ਮਹਿਮਾਨ ਡਾ. ਸੁਦਰਸਨ ਮੈਨੀ ਨੇ ਕੀਤਾ | ਉਨ੍ਹਾਂ ਨੇ ਨੌਜਵਾਨ ਮਨਾਂ ਦੀ ਘੜਤ ਵਿਚ ਜਿਗਿਆਸਾ ਅਤੇ ਪ੍ਰਯੋਗਸ਼ੀਲਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਇਸ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ 80 ਤੋਂ ਵੱਧ ਪ੍ਰੋਜੈਕਟ ਪੇਸ਼ ਕੀਤੇ | ਇਨ੍ਹਾਂ ਪ੍ਰੋਜੈਕਟਾਂ ਵਿਚ ਵਾਤਾਵਰਨ ਸੰਭਾਲ, ਰੋਬੋਟਿਕਸ, ਨਵੀਨੀਕਰਨਯੋਗ ਊਰਜਾ ਅਤੇ ਸਿਹਤ ਵਿਗਿਆਨ ਵਰਗੇ ਵਿਸ਼ੇ ਸ਼ਾਮਿਲ ਸਨ | ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਗੱਡੀਆਂ, ਵਰਖਾ ਜਲ ਸੰਗ੍ਰਹਿ ਪ੍ਰਣਾਲੀ, ਸਮਾਰਟ ਸਿੰਚਾਈ ਤਕਨੀਕਾਂ ਅਤੇ ਵਾਤਾਵਰਨ-ਮਿੱਤਰ, ਕਚਰਾ ਪ੍ਰਬੰਧਨ ਮਾਡਲ ਵਿਸ਼ੇਸ਼ ਆਕਰਸ਼ਣ ਰਹੇ | ਪ੍ਰਦਰਸ਼ਨੀਆਂ ਦਾ ਮੁਲਾਂਕਣ ਰਚਨਾਤਮਕਤਾ, ਵਿਗਿਆਨਕ ਗਿਆਨ, ਪ੍ਰਸਤੁੂਤੀਕਰਨ ਅਤੇ ਪ੍ਰਯੋਗਾਤਮਕ ਉਪਯੋਗਤਾ ਦੇ ਆਧਾਰ 'ਤੇ ਕੀਤਾ ਗਿਆ | ਸਕੂਲ ਦੀ ਪਿ੍ੰਸੀਪਲ ਹਰਲੀਨ ਨਕੱਈ ਅਤੇ ਡਾਇਰੈਕਟਰ ਹਿੰਮਤ ਸਿੰਘ ਨਕੱਈ ਨੇ ਵਿਦਿਆਰਥੀਆਂ ਅਤੇ ਸਾਇੰਸ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਇਸ ਸਫ਼ਲ ਮੇਲੇ ਦੀ ਵਧਾਈ ਦਿੱਤੀ | 'ਯੂਰੇਕਾ ਸਾਇੰਸ ਫੇਅਰ 2ਕੇ26' ਵਿਚ ਵਿਦਿਆਰਥੀਆਂ ਨੂੰ ਆਲੋਚਨਾਤਮਕ ਸੋਚ ਵਿਕਸਿਤ ਕਰਨ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਚ ਆਪਣੀ ਰੁਚੀ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ |