ਡੱਬਵਾਲੀ, 28 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਦੇ ਨੌਜਵਾਨ ਦੀਪਕ ਬਾਂਸਲ ਨੇ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਬਠਿੰਡਾ 'ਤੇ ਇਲਾਜ ਦੌਰਾਨ ਕਥਿਤ ਬੇਵਜ੍ਹਾ ਆਈ.ਸੀ.ਯੂ. ਵਿਚ ਰੱਖਣ ਤੇ ਇਲਾਜ ਦੇ ਨਾਂਅ 'ਤੇ ਰੁਪਏ ਵਸੂਲਣ ਦੇ ਦੋਸ਼ ਲਗਾਏ ਹਨ | ਸ਼ਿਕਾਇਤ ਮਗਰੋਂ ਡਿਪਟੀ ਮੈਡੀਕਲ ਕਮਿਸ਼ਨਰ ਬਠਿੰਡਾ ਨੇ ਜਾਂਚ ਕਮੇਟੀ ਗਠਿਤ ਕਰਕੇ 3 ਮਾਰਚ 2026 ਨੂੰ ਪ੍ਰੈਗਮਾ ਦੇ ਡਾਇਰੈਕਟਰ ਡਾ. ਜੀ.ਐੱਸ. ਗਿੱਲ ਸਮੇਤ ਡਾ. ਪ੍ਰੀਤੀ ਚੌਧਰੀ, ਡਾ. ਸੁਸ਼ੀਲ ਜੌੜਾ ਅਤੇ ਟੀ. ਭਸੀਨ ਪੈਥ ਲੈਬ ਨੂੰ ਮਰੀਜ਼ ਦੇ ਮੂਲ ਰਿਕਾਰਡ ਸਮੇਤ ਸਿਵਲ ਹਸਪਤਾਲ ਬਠਿੰਡਾ ਵਿਚ ਤਲਬ ਕੀਤਾ ਹੈ | ਪੀੜਤ ਨੇ ਰਾਸ਼ਟਰਪਤੀ, ਰਾਸ਼ਟਰੀ ਮੈਡੀਕਲ ਕਮਿਸ਼ਨ ਸਣੇ ਹਰਿਆਣਾ ਤੇ ਪੰਜਾਬ ਦੇ ਸਿਹਤ ਮੰਤਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਹਨ | 34 ਸਾਲਾਂ ਪੀੜਤ ਦੀਪਕ ਪੁੱਤਰ ਰਮੇਸ਼ ਕੁਮਾਰ ਦੇ ਅਨੁਸਾਰ ਉਨ੍ਹਾਂ ਤੋਂ ਲੈਬ ਜਾਂਚਾਂ ਲਈ 30-35 ਹਜ਼ਾਰ ਰੁਪਏ ਲਏ ਗਏ ਅਤੇ ਮਹਿੰਗੇ ਇੰਜੈਕਸ਼ਨਾਂ/ਫਿਲਟਰਾਂ ਦੇ ਨਾਂਅ 'ਤੇ ਵਾਧੂ ਰਕਮ ਮੰਗੀ ਗਈ | ਭਾਰੀ ਬਿੱਲ ਅਦਾ ਕਰਨ ਤੋਂ ਬਾਅਦ ਹੀ ਛੁੱਟੀ ਦਿੱਤੀ ਗਈ | ਦੀਪਕ ਬਾਂਸਲ ਦਾ ਕਹਿਣਾ ਹੈ ਕਿ 23 ਜਨਵਰੀ 2026 ਨੂੰ ਉਸ ਨੂੰ ਬਠਿੰਡਾ ਵਿਚ ਦਾਖ਼ਲ ਕਰਵਾਇਆ ਗਿਆ | ਉਸ ਦੀ 'ਸੀਰਮ ਕੋਲੀਨੇਸਟਰੇਜ਼' ਰਿਪੋਰਟ 12.08 ਸੀ, ਜੋ ਨਾਰਮਲ ਸੀਮਾ (5.90-12.22) ਵਿਚ ਆਉਂਦੀ ਹੈ | ਇਸ ਦੇ ਬਾਵਜੂਦ ਉਸ ਨੂੰ ਗੰਭੀਰ ਦੱਸ ਕੇ ਆਈ.ਸੀ.ਯੂ. ਵਿਚ ਰੱਖਿਆ ਗਿਆ | ਉਸ ਨੇ ਦੋਸ਼ ਲਗਾਇਆ ਕਿ ਉਸ ਨੂੰ ਗੰਭੀਰ ਮਰੀਜ਼ ਦਰਸਾਉਣ ਲਈ ਸਰੀਰ 'ਤੇ ਕਈ ਥਾਵਾਂ ਸੂਈਆਂ ਲਗਾਈਆਂ ਗਈਆਂ ਅਤੇ ਜ਼ਬਰਦਸਤੀ ਪਾਈਪਾਂ ਪਾਈਆਂ ਗਈਆਂ | ਦੀਪਕ ਬਾਂਸਲ ਦਾ ਦੋਸ਼ ਹੈ ਕਿ ਹਸਪਤਾਲ ਪ੍ਰਬੰਧਨ ਨੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਮਰੀਜ਼ ਵਲੋਂ ਜ਼ਹਿਰੀਲਾ ਪਦਾਰਥ ਨਿਗਲੇ ਹੋਣ ਬਾਰੇ ਲਿਖ਼ਤੀ ਰੂਪ ਵਿਚ ਦੇਣ ਲਈ ਦਬਾਅ ਬਣਾਇਆ | ਦੀਪਕ ਦੇ ਚਾਚਾ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਮੇਂ 'ਤੇ ਲੈਬ ਰਿਪੋਰਟ ਨਹੀਂ ਦਿਖਾਈ ਗਈ ਅਤੇ ਨਾ ਹੀ ਉਸ ਦੀ ਕਾਪੀ ਦਿੱਤੀ ਗਈ | ਪੀੜਤ ਨੇ ਮੈਡੀਕਲ ਬੋਰਡ ਤੋਂ ਜਾਂਚ ਕਰਵਾ ਕੇ ਦੋਸ਼ੀ ਪਾਏ ਜਾਣ 'ਤੇ ਡਾਕਟਰਾਂ ਦੇ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਹੈ | ਦੂਜੇ ਪਾਸੇ ਪ੍ਰੈਗਮਾ ਮੈਡੀਕਲ ਇੰਸਟੀਟਿਊਟ ਦੇ ਡਾਇਰੈਕਟਰ ਡਾ. ਜੀ.ਐੱਸ. ਗਿੱਲ ਨੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਮਰੀਜ਼ ਨੇ ਜ਼ਹਿਰ ਲਿਆ ਹੋਇਆ ਸੀ | ਉਸ ਦੇ ਖ਼ੂਨ ਵਿਚ ਕੋਲੀਨੇਸਟਰੇਜ਼ ਲੈਵਲ ਘੱਟ ਸੀ ਅਤੇ ਤੁਰੰਤ ਡਾਇਲਿਸਿਸ ਕਰਕੇ ਜ਼ਹਿਰ ਬਾਹਰ ਕੱਢ ਦਿੱਤਾ ਗਿਆ | ਮਰੀਜ਼ ਨੂੰ ਕੋਈ ਜ਼ਿਆਦਾ ਦਿੱਕਤ ਨਹੀਂ ਪੇਸ਼ ਆਈ ਅਤੇ ਹੁਣ ਬੇਵਜ੍ਹਾ ਦੋਸ਼ ਮੜ੍ਹੇ ਜਾ ਰਹੇ ਹਨ, ਜੋ ਕਿ ਹਸਪਤਾਲਾਂ ਤੇ ਡਾਕਟਰਾਂ ਪ੍ਰਤੀ ਇਕ ਗ਼ਲਤ ਸਮਾਜਿਕ ਰੁਝਾਨ ਹੈ |