ਸ੍ਰੀ ਮੁਕਤਸਰ ਸਾਹਿਬ, 28 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਡੀ.ਏ.ਵੀ. ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਦਿਨ ਦਾ ਐਜੂਕੇਸ਼ਨਲ ਫੇਰਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ (ਜਲੰਧਰ ਨੇੜੇ) ਅਤੇ ਰੰਗਲਾ ਪੰਜਾਬ ਹਵੇਲੀ ਵਿਖੇ ਕਰਵਾਇਆ ਗਿਆ | ਇਸ ਫੇਰੇ ਦਾ ਮਕਸਦ ਵਿਦਿਆਰਥੀਆਂ ਨੂੰ ਵਿਗਿਆਨਕ ਜਾਣਕਾਰੀ ਦੇ ਨਾਲ-ਨਾਲ ਪੰਜਾਬੀ ਸੰਸਕਾਰਾਂ ਨਾਲ ਜੋੜਨਾ ਸੀ | ਸਭ ਤੋਂ ਪਹਿਲਾਂ ਵਿਦਿਆਰਥੀਆਂ ਨੇ ਸਾਇੰਸ ਸਿਟੀ ਵਿਚ ਵੱਖ-ਵੱਖ ਗੈਲਰੀਆਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਅੰਤਰਿਕਸ਼, ਰੋਬੋਟਿਕਸ, ਮਨੁੱਖੀ ਸਰੀਰ ਰਚਨਾ ਤੇ ਤਕਨੀਕੀ ਵਿਕਾਸ ਬਾਰੇ ਰੌਚਿਕ ਜਾਣਕਾਰੀ ਹਾਸਿਲ ਕੀਤੀ | 34 ਸ਼ੋਅ ਤੇ ਇੰਟਰਐਕਟਿਵ ਮਾਡਲਾਂ ਨੇ ਬੱਚਿਆਂ ਨੂੰ ਬਹੁਤ ਆਕਰਸ਼ਿਤ ਕੀਤਾ | ਅਧਿਆਪਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਦੌਰੇ ਨਾਲ ਬੱਚਿਆਂ ਦੀ ਵਿਗਿਆਨ ਪ੍ਰਤੀ ਰੁਚੀ ਵਿਚ ਵਾਧਾ ਹੁੰਦਾ ਹੈ | ਇਸ ਤੋਂ ਬਾਅਦ ਫੇਰੇ ਦਾ ਦੂਜਾ ਪੜਾਅ ਰੰਗਲਾ ਪੰਜਾਬ ਹਵੇਲੀ ਵਿਚ ਰਿਹਾ, ਜਿੱਥੇ ਵਿਦਿਆਰਥੀਆਂ ਨੇ ਪੰਜਾਬੀ ਵਿਰਾਸਤ ਦਾ ਅਨੰਦ ਮਾਣਿਆ | ਵਿਦਿਆਰਥੀਆਂ ਨੇ ਰਵਾਇਤੀ ਪੰਜਾਬੀ ਖਾਣੇ ਦਾ ਵੀ ਸਵਾਦ ਚੱਖਿਆ ਅਤੇ ਪਿੰਡਾਂ ਵਾਲੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਪਿ੍ੰਸੀਪਲ ਵਰਸ਼ਾ ਸੱਚਦੇਵਾ ਨੇ ਕਿਹਾ ਕਿ ਅਜਿਹੇ ਫੇਰੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਲਾਭਦਾਇਕ ਸਾਬਤ ਹੁੰਦੇ ਹਨ |