ਟੱਲੇਵਾਲ, 30 ਅਪ੍ਰੈਲ (ਸੋਨੀ ਚੀਮਾ)-ਪੰਜਾਬ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਕ ਹੋਰ ਪ੍ਰੇਰਣਾਦਾਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਦੀ ਰਹਿਨੁਮਾਈ ਅਤੇ ਪਰਿਵਾਰ ਦੇ ਸਹਿਯੋਗ ਨਾਲ ਨਸ਼ੇ ਦਾ ਆਦੀ ਨੌਜਵਾਨ ਇਲਾਜ ਲਈ ਅੱਗੇ ਆਇਆ ਅਤੇ ਨਵੀਂ ਜ਼ਿੰਦਗੀ ਵੱਲ ਕਦਮ ਵਧਾਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਟੱਲੇਵਾਲ ਦੇ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਰੰਗੀਆਂ ਨੇ ਦੱਸਿਆ ਕਿ ਐਸ.ਐਸ.ਪੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੁਲਿਸ ਸਬ-ਡਿਵੀਜ਼ਨ ਮਹਿਲ ਕਲਾਂ ਦੇ ਡੀ.ਐਸ.ਪੀ ਜਸਪਾਲ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪਿੰਡ ਬੀਹਲਾ ਨਾਲ ਸਬੰਧਿਤ ਨੌਜਵਾਨ ਪ੍ਰਭਜੋਤ ਸਿੰਘ ਕੱਟਾ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਪੁਲਿਸ ਕੋਲ ਪਹੁੰਚਿਆ ਅਤੇ ਖ਼ੁਦ ਨਸ਼ਾ ਛੱਡਣ ਦੀ ਇੱਛਾ ਜਤਾਈ | ਜਿਸ ਉਪਰੰਤ ਪੰਚਾਇਤ ਅਤੇ ਸਰਪੰਚ ਦੀ ਹਾਜ਼ਰੀ ਵਿਚ ਨੌਜਵਾਨ ਨੂੰ ਸਮਝਾਇਆ ਗਿਆ ਅਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਵਲੋਂ ਉਸ ਦਾ ਸਿਵਲ ਹਸਪਤਾਲ ਬਰਨਾਲਾ ਵਿਚ ਦਾਖ਼ਲਾ ਕਰਵਾ ਕੇ ਇਲਾਜ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਥਾਣਾ ਮੁਖੀ ਸਰਬਜੀਤ ਸਿੰਘ ਰੰਗੀਆਂ ਨੇ ਦੱਸਿਆ ਕਿ ਥਾਣਾ ਚੀਮਾ, ਥਾਣਾ ਮਹਿਲ ਕਲਾਂ ਅਤੇ ਥਾਣਾ ਟੱਲੇਵਾਲ ਵਿਖੇ ਹੁਣ ਤੱਕ ਉਹ ਨਸ਼ਿਆਂ ਵਿਰੁੱਧ ਲਗਾਤਾਰ ਮੁਹਿੰਮ ਚਲਾ ਰਹੇ ਹਨ ਅਤੇ ਹੁਣ ਤੱਕ ਕਰੀਬ 100 ਨੌਜਵਾਨਾਂ ਦਾ ਇਲਾਜ ਕਰਵਾ ਕੇ ਨਸ਼ਾ ਛਡਵਾਇਆ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਪੁਲਿਸ, ਪਰਿਵਾਰ ਅਤੇ ਸਮਾਜ ਇਕੱਠੇ ਹੋ ਜਾਣ, ਤਾਂ ਨਸ਼ਿਆਂ ਵਿਰੁੱਧ ਜੰਗ ਜਿੱਤੀ ਜਾ ਸਕਦੀ ਹੈ | ਇਸ ਮੌਕੇ ਸਰਪੰਚ ਕਿਰਨਜੀਤ ਸਿੰਘ ਮਿੰਟੂ ਬੀਹਲਾ ਤੇ ਹੋਰ ਪੰਚਾਇਤੀ ਆਗੂ ਹਾਜ਼ਰ ਸਨ |