ਸਾਦਿਕ, 15 ਮਈ (ਆਰ.ਐਸ.ਧੁੰਨਾ)-ਨੇੜਲੇ ਪਿੰਡ ਸੈਦੇਕੇ ਵਿਖੇ ਖੇਤਾਂ 'ਚ ਅੱਗ ਲਾਉਣ ਕਰਕੇ ਕਿਸਾਨਾਂ 'ਤੇ ਹੋਏ ਪਰਚਿਆਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਅਮਨਦੀਪ ਸਿੰਘ ਖ਼ਾਲਸਾ ਅਤੇ ਹੋਰ ਆਗੂਆਂ ਨੇ ਸਬ ਤਹਿਸੀਲ ਸਾਦਿਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਪਿੰਡ ਸੈਦੇਕੇ ਦੇ ਕਰੀਬ 16 ਕਿਸਾਨਾਂ 'ਤੇ ਖੇਤਾਂ 'ਚ ਅੱਗ ਲਾਉਣ ਦੇ ਨਾਜਾਇਜ਼ ਪਰਚੇ ਦਰਜ ਕੀਤੇ ਗਏ ਹਨ, ਜਦਕਿ ਪੀੜ੍ਹਤ ਕਿਸਾਨਾਂ ਦੇ ਖੇਤਾਂ 'ਚ ਮੱਕੀ, ਗੋਭੀ, ਖੱਖੜੀਆਂ ਆਦਿ ਫ਼ਸਲਾਂ ਬੀਜੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਨੋਡਲ ਅਫ਼ਸਰ ਨੇ ਖੇਤਾਂ 'ਚ ਇੰਨਕੁਆਰੀ ਕੀਤਿਆਂ ਬਗੈਰ ਹੀ ਲੋਕੇਸ਼ਨ ਦੇ ਆਧਾਰ 'ਤੇ ਗਰੀਬ ਕਿਸਾਨਾਂ 'ਤੇ ਨਾਜ਼ਾਇਜ ਕਾਰਵਾਈ ਕੀਤੀ ਹੈ, ਜਿਸ ਦਾ ਜਥੇਬੰਦੀ ਵਿਰੋਧ ਕਰਦੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਇਸ ਘਟਨਾ ਸਬੰਧੀ ਆਗੂਆਂ ਵਲੋਂ ਸਾਦਿਕ ਦੇ ਨਾਇਬ ਤਹਿਸੀਲਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਹੱਲ ਕਰਨ ਦੀ ਬਜਾਏ ਕਿਸਾਨ ਆਗੂਆਂ ਨਾਲ ਭੱਦੀ ਸ਼ਬਦਾਵਲੀ ਵਰਤੀ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਕਿਸਾਨਾਂ 'ਤੇ ਹੋਏ ਨਾਜਾਇਜ਼ ਪਰਚਿਆਂ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਜਥੇਬੰਦੀ ਵਲੋਂ ਸਬ ਤਹਿਸੀਲ ਸਾਦਿਕ ਵਿਖੇ ਪੱਕਾ ਧਰਨਾ ਲਾਇਆ ਜਾਵੇਗਾ | ਇਸ ਸਬੰਧੀ ਜਦੋਂ ਸਾਦਿਕ ਦੇ ਨਾਇਬ ਤਹਿਸੀਲਦਾਰ ਨਾਲ ਫ਼ੋਨ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਇਸ ਮੌਕੇ ਜਗਦੀਪ ਸਿੰਘ ਜਨੇਰੀਆਂ, ਦਲਜੀਤ ਸਿੰਘ ਮੁਮਾਰਾ, ਕੁਲਦੀਪ ਸਿੰਘ ਸਾਧੂਵਾਲਾ, ਨਿਰੰਜਨ ਸਿੰਘ ਸੈਦੇਕੇ, ਮੌੜ ਸਿੰਘ ਸੈਦੇਕੇ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਮੁਖਤਿਆਰ ਸਿੰਘ, ਜਗਸੀਰ ਸਿੰਘ, ਰਣਜੀਤ ਸਿੰਘ, ਦਿਆਲ ਸਿੰਘ, ਗੁਰਦੇਵ ਸਿੰਘ, ਹਰਨਾਮ ਕੌਰ, ਸਤਪਾਲ ਸਿੰਘ, ਕਪੂਰ ਸਿੰਘ, ਨੰਦ ਕੌਰ, ਗੁਰਬਚਨ ਸਿੰਘ ਆਦਿ ਹਾਜ਼ਰ ਸਨ |