ਕੋਟਕਪੂਰਾ, 15 ਮਈ (ਮੋਹਰ ਸਿੰਘ ਗਿੱਲ)-ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਐਮਰਜੈਂਸੀ ਹਾਲਾਤਾਂ ਦੌਰਾਨ ਸੁਰੱਖਿਆ ਅਤੇ ਸਾਵਧਾਨੀ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਡੀ.ਸੀ.ਐਮ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਵਿਖੇ ਸਿਵਲ ਡਿਫ਼ੈਂਸ ਵਲੰਟੀਅਰਾਂ ਦੀ ਪੂਰੀ ਟੀਮ, ਸਟੋਰ ਸੁਪਰਡੈਂਟ ਨਿਰਮਲ ਸਿੰਘ, ਲਵਿਸ਼ ਸਬ ਇੰਸਪੈਕਟਰ, ਇੰਸਟੈਂਡ ਅਫ਼ਸਰ ਰਾਜਨ ਜੈਨ, ਚੀਫ਼ ਵਾਰਡਨ ਰਿਸ਼ੀ ਪਲਟਾ, ਡਿਪਟੀ ਚੀਫ਼ ਵਾਰਡਨ ਰਾਜੀਵ ਮਲਿਕ, ਪੋਸਟ ਵਾਰਡਨ ਪਰਾਗਰਾਜ, ਬਲਜਿੰਦਰ ਬੱਲੀ, ਡਿਪਟੀ ਪੋਸਟ ਵਾਰਡਨ ਬਿ੍ਜ ਮੋਹਨ ਮਿੱਤਲ, ਸਿਵਲ ਡਿਫੈਂਸ ਨੇ 'ਆਓ ਮਿਲ ਕੇ ਨਾਗਰਿਕ ਸੁਰੱਖਿਆ ਨੂੰ ਮਜ਼ਬੂਤ ਬਣਾਈਏ' ਤਹਿਤ ਤਿੰਨ ਦਿਨ ਇਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ | ਕੈਂਪ ਦੌਰਾਨ ਵਿਦਿਆਰਥੀਆਂ ਨੂੰ ਕੁਦਰਤੀ ਆਫ਼ਤਾਂ, ਅੱਗ ਲੱਗਣ ਦੀਆਂ ਘਟਨਾਵਾਂ, ਸੜਕ ਹਾਦਸਿਆਂ ਅਤੇ ਹੋਰ ਐਮਰਜੈਂਸੀ ਸਥਿਤੀਆਂ ਸਮੇਂ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਅਪਣਾਏ ਜਾਣ ਵਾਲੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ | ਸਿਵਲ ਡਿਫੈਂਸ ਟੀਮ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਫ਼ਸਟ ਏਡ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਸਮੇਂ ਸਿਰ ਦਿੱਤੀ ਗਈ ਮੱਦਦ ਕਿਸੇ ਦੀ ਜਾਨ ਬਚਾ ਸਕਦੀ ਹੈ | ਉਨ੍ਹਾਂ ਨੇ ਪ੍ਰੈਕਟੀਕਲ ਡੈਮੋ ਰਾਹੀਂ ਵਿਦਿਆਰਥੀਆਂ ਨੂੰ ਬੇਹੋਸ਼ ਵਿਅਕਤੀ ਦੀ ਸਹਾਇਤਾ, ਅੱਗ ਲੱਗਣ ਸਮੇਂ ਬਚਾਅ ਦੇ ਤਰੀਕੇ ਅਤੇ ਐਮਰਜੈਂਸੀ ਨੰਬਰਾਂ ਦੀ ਵਰਤੋਂ ਬਾਰੇ ਜਾਣੂੰ ਕਰਵਾਇਆ | ਇਸ ਮੌਕੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਸੈਮੀਨਾਰ ਵਿਚ ਹਿੱਸਾ ਲਿਆ ਅਤੇ ਸੁਰੱਖਿਆ ਸਬੰਧੀ ਕਈ ਸਵਾਲ ਪੁੱਛੇ | ਸਕੂਲ ਦੇ ਪਿ੍ੰਸੀਪਲ ਮੀਨਾਕਸ਼ੀ ਸ਼ਰਮਾ ਨੇ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ | ਸੈਮੀਨਾਰ ਦੇ ਅੰਤ ਵਿਚ ਵਿਦਿਆਰਥੀਆਂ ਨੂੰ ਸੁਰੱਖਿਆ ਪ੍ਰਤੀ ਸਦਾ ਜਾਗਰੂਕ ਰਹਿਣ ਅਤੇ ਮੁਸ਼ਕਿਲ ਹਾਲਾਤਾਂ ਵਿਚ ਘਬਰਾਉਣ ਦੀ ਬਜਾਏ ਸਮਝਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |