ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਅਤੇ ਰੁਜ਼ਗਾਰ ਯੋਗਤਾ ਵਧਾਉਣ ਦੀ ਦਿਸ਼ਾ ਵਿਚ ਲਗਾਤਾਰ ਯਤਨ ਕਰਦਿਆਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਇਕ ਹੋਰ ਮਹੱਤਵਪੂਰਨ ਮੀਲ ਪੱਥਰ ਹਾਸਿਲ ਕੀਤਾ ਹੈ | ਯੂਨੀਵਰਸਿਟੀ ਵਲੋਂ ਪੀ.ਐਮ ਵੀਆਈਕੇਏਐਸ ਅਤੇ ਪੀ.ਐਮ ਕੇਵੀਵਾਈ 4.0 ਸਕੀਮਾਂ ਅਧੀਨ ਸਰਟੀਫਿਕੇਟ ਅਤੇ ਟਰੇਨਿੰਗ ਲਰਨਿੰਗ ਮਟੀਰੀਅਲ ਕਿੱਟ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਪੀ.ਐਮ ਵੀਆਈਕੇਏਐਸ ਸਕੀਮ ਅਧੀਨ ਆਰਥੋਪੀਡਿਕ ਟੈਕਨੀਕਸ ਦੇ ਇਕ ਬੈਚ ਅਤੇ ਜੇਰੀਆਟਿ੍ਕ ਕੇਅਰ ਗਿਵਰ ਇੰਸਟੀਚਿਊਸ਼ਨਲ ਹੋਮ ਕੇਅਰ ਦੇ ਦੋ ਬੈਚਾਂ ਦੇ ਸਫ਼ਲ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ | ਕੁੱਲ 51 ਵਿਦਿਆਰਥੀਆਂ ਨੇ ਆਪਣੀ ਟਰੇਨਿੰਗ ਸਫਲਤਾ ਪੂਰਵਕ ਪੂਰੀ ਕੀਤੀ, ਜਿਨ੍ਹਾਂ ਵਿਚ ਆਰਥੋਪੀਡਿਕ ਟੈਕਨੀਕਸ ਦੇ 17, ਜੇਰੀਆਟਿ੍ਕ ਕੇਅਰ ਗਿਵਰ ਪਹਿਲੇ ਬੈਚ ਦੇ 23 ਅਤੇ ਦੂਜੇ ਬੈਚ ਦੇ 11 ਵਿਦਿਆਰਥੀ ਸ਼ਾਮਿਲ ਸਨ | ਇਸ ਤੋਂ ਇਲਾਵਾ ਪੀਐਮ ਕੇਵੀਵਾਈ 4.0 ਸਕੀਮ ਅਧੀਨ ਚੱਲ ਰਹੇ ਪੰਚਕਰਮਾ ਅਸਿਸਟੈਂਟ ਅਤੇ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਦੇ ਦੋ-ਦੋ ਬੈਚਾਂ ਦੇ ਵਿਦਿਆਰਥੀਆਂ ਨੂੰ ਟਰੇਨਿੰਗ ਲਰਨਿੰਗ ਮਟੀਰੀਅਲ ਕਿੱਟਾਂ ਵੀ ਵੰਡੀਆਂ ਗਈਆਂ | ਸਰਟੀਫਿਕੇਟ ਅਤੇ ਕਿੱਟਾਂ ਦੀ ਵੰਡ ਪ੍ਰੋ. (ਡਾ.) ਰਾਜੀਵ ਸੂਦ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਕੀਤੀ ਗਈ | ਇਸ ਮੌਕੇ ਡਾ. ਰੋਹਿਤ ਚੋਪੜਾ ਐਡੀਸ਼ਨਲ ਰਜਿਸਟਰਾਰ, ਡਾ. ਜਸਬੀਰ ਕੌਰ ਪਿ੍ੰਸੀਪਲ ਯੂਨੀਵਰਸਿਟੀ ਇੰਸਟੀਚਿਊਟ ਆਫ਼ ਐਲਾਇਡ ਹੈਲਥ ਸਾਇੰਸਜ਼, ਡਾ. ਅਰਚਨਾ ਸ਼ਾਹੀ ਨੋਡਲ ਅਫ਼ਸਰ ਐਚ.ਐਸ.ਡੀ.ਸੀ. ਫ਼ਰੀਦਕੋਟ, ਸਮੀਰ ਕਾਂਤ ਆਹੂਜਾ, ਡਾ. ਅਨੁਭਵ ਅਸਿਸਟੈਂਟ ਪ੍ਰੋਫੈਸਰ, ਡਾ. ਸੁਮਰੀਨ ਭਾਟੀਆ ਰਿਸਰਚ ਅਫਸਰ ਅਤੇ ਹਰਪ੍ਰੀਤ ਕੌਰ ਸਕਿਲ ਟਿਊਟਰ ਵੀ ਹਾਜ਼ਰ ਸਨ | ਪ੍ਰੋ. (ਡਾ.) ਰਾਜੀਵ ਸੂਦ ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਪੰਜਾਬ ਦੇ ਨੌਜਵਾਨਾਂ ਨੂੰ ਉਦਯੋਗਿਕ ਲੋੜਾਂ ਅਨੁਸਾਰ ਸਿਹਤ ਸੰਬੰਧੀ ਹੁਨਰ ਪ੍ਰਦਾਨ ਕਰਨ ਲਈ ਨਿਰੰਤਰ ਯਤਨਸ਼ੀਲ ਹੈ ਤਾਂ ਜੋ ਉਹ ਆਤਮਨਿਰਭਰ ਬਣ ਸਕਣ ਅਤੇ ਸਮਾਜ ਦੀ ਸੇਵਾ ਵਿਚ ਯੋਗਦਾਨ ਪਾ ਸਕਣ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੈਲਥਕੇਅਰ ਸਕਿਲ ਡਿਵੈਲਪਮੈਂਟ ਦੇ ਖੇਤਰ ਵਿਚ ਬਹੁਤ ਵੱਡੀਆਂ ਸੰਭਾਵਨਾਵਾਂ ਹਨ ਅਤੇ ਪੀ.ਐਮ. ਵੀਆਈਕੇਏਐਸ ਅਤੇ ਪੀ.ਐਮ. ਕੇਵੀਵਾਈ 4.0 ਵਰਗੀਆਂ ਯੋਜਨਾਵਾਂ ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਗਿਆਨ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਹੀਆਂ ਹਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ (ਪੀ.ਐਸ.ਡੀ.ਐਮ.) ਅਧੀਨ ਚਲਾਏ ਜਾ ਰਹੇ ਇਹ ਕੋਰਸ ਪੂਰੀ ਤਰ੍ਹਾਂ ਮੁਫ਼ਤ ਹਨ ਅਤੇ ਹੈਲਥਕੇਅਰ ਖੇਤਰ ਵਿਚ ਕਰੀਅਰ ਬਣਾਉਣ ਦੇ ਇੱਛੁਕ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਸਾਬਤ ਹੋ ਰਹੇ ਹਨ | ਉਨ੍ਹਾਂ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਮਰਪਣ ਅਤੇ ਸੇਵਾ ਭਾਵਨਾ ਨਾਲ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ |