ਮਲੋਟ, 17 ਮਈ (ਪਾਟਿਲ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਵਿਸ਼ੇਸ਼ ਤੌਰ 'ਤੇ ਮਲੋਟ ਵਿਖੇ ਪਹੁੰਚੇ | ਇੱਥੇ ਉਨ੍ਹਾਂ ਨੇ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਦੇ ਉਮੀਦਵਾਰਾਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨਾਲ ਮੁਲਾਕਾਤ ਕੀਤੀ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਮਲੋਟ ਹਮੇਸ਼ਾ ਤੋਂ ਕਾਂਗਰਸ ਪਾਰਟੀ ਦਾ ਧੁਰਾ ਅਤੇ ਗੜ੍ਹ ਰਿਹਾ ਹੈ ਅਤੇ ਇੱਥੋਂ ਦੇ ਲੋਕਾਂ ਨੇ ਕਦੇ ਵੀ ਕਾਂਗਰਸ ਦੀ ਪਿੱਠ ਨਹੀਂ ਲੱਗਣ ਦਿੱਤੀ | ਰਾਜਾ ਵੜਿੰਗ ਨੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੂਰੇ ਜ਼ਿਲ੍ਹੇ ਚਾਹੇ ਉਹ ਗਿੱਦੜਬਾਹਾ ਹੋਵੇ, ਮਲੋਟ ਹੋਵੇ ਜਾਂ ਮੁਕਤਸਰ ਸਾਰੀਆਂ ਥਾਵਾਂ 'ਤੇ ਕਾਂਗਰਸ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਮੁਕੰਮਲ ਹੋ ਚੁੱਕੀਆਂ ਹਨ | ਉਨ੍ਹਾਂ ਕਿਹਾ, ਕੱਲ੍ਹ ਤੱਕ ਲੱਗ ਰਿਹਾ ਸੀ ਕਿ ਐਨ.ਓ.ਸੀ. ਮਿਲਣ ਵਿਚ ਦਿੱਕਤ ਆ ਰਹੀ ਹੈ, ਪਰ ਸਾਡੇ ਇਲਾਕੇ ਵਿਚ ਸਾਰੀ ਪ੍ਰਕਿਰਿਆ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚੜ੍ਹੀ ਹੈ | ਪੰਜਾਬ ਦੇ ਬਾਕੀ ਹਿੱਸਿਆਂ ਦਾ ਜ਼ਿਕਰ ਕਰਦਿਆਂ ਕਾਂਗਰਸ ਪ੍ਰਧਾਨ ਨੇ ਸੱਤਾਧਾਰੀ ਧਿਰ 'ਤੇ ਧੱਕੇਸ਼ਾਹੀ ਦੇ ਗੰਭੀਰ ਦੋਸ਼ ਲਾਏ | ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਵਿਖੇ ਉਮੀਦਵਾਰਾਂ ਦੀਆਂ ਫਾਈਲਾਂ ਖੋਹਣ ਦੀ ਘਟਨਾ ਸਾਹਮਣੇ ਆਈ ਹੈ ਅਤੇ ਫ਼ਿਰੋਜ਼ਪੁਰ ਦਿਹਾਤੀ ਤੋਂ ਕਾਂਗਰਸੀ ਆਗੂ ਆਸ਼ੂ ਬਾਂਗੜ ਨਾਲ ਕੁੱਟਮਾਰ ਕੀਤੇ ਜਾਣ ਦੀ ਵੀ ਰਿਪੋਰਟ ਹੈ | ਜਦੋਂ ਰਾਜਾ ਵੜਿੰਗ ਨੂੰ ਪੁੱਛਿਆ ਗਿਆ ਕਿ ਆਉਣ ਵਾਲੀਆਂ ਚੋਣਾਂ ਵਿਚ ਉਮੀਦਵਾਰ ਲੋਕਲ ਹੋਵੇਗਾ ਜਾਂ ਬਾਹਰੀ, ਤਾਂ ਉਨ੍ਹਾਂ ਕਿਹਾ, ਉਮੀਦਵਾਰ ਵਰਕਰਾਂ ਵਿਚੋਂ ਹੀ ਹੋਵੇਗਾ | ਡਾਕਟਰ ਚੰਗਾ ਹੋਣਾ ਚਾਹੀਦਾ ਹੈ ਇਲਾਜ ਕਰਨ ਵਾਲਾ, ਭਾਵੇਂ ਉਹ ਮੁੰਬਈ ਦਾ ਹੋਵੇ, ਲੋਕ ਉੱਥੇ ਜਾ ਕੇ ਵੀ ਇਲਾਜ ਕਰਵਾਉਂਦੇ ਹਨ | ਰਾਜਾ ਵੜਿੰਗ ਨੇ ਭਾਰਤੀ ਜਨਤਾ ਪਾਰਟੀ 'ਤੇ ਰਗੜੇ ਲਾਉਂਦਿਆਂ ਕਿਹਾ ਕਿ ਪੰਜਾਬ ਵਿਚ ਬੀਜੇਪੀ ਦਾ ਕੋਈ ਵਜੂਦ ਨਹੀਂ ਹੈ | ਉਨ੍ਹਾਂ ਕਿਹਾ ਭਾਜਪਾ ਨੇ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦਾ 'ਕਚਰਾ' ਇਕੱਠਾ ਕਰਕੇ ਆਪਣੀ ਪਾਰਟੀ ਬਣਾਈ ਹੈ | ਇੱਥੋਂ ਤੱਕ ਕਿ ਇਨ੍ਹਾਂ ਦਾ ਪ੍ਰਧਾਨ ਅਤੇ ਸੰਗਠਨ ਜਨਰਲ ਸਕੱਤਰ ਵੀ ਦੂਜੀਆਂ ਪਾਰਟੀਆਂ ਵਿਚੋਂ ਆਏ ਹਨ, ਇਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂ ਹੈ | ਰਾਮ ਮੰਦਿਰ ਦੇ ਨਾਮ 'ਤੇ ਵੋਟਾਂ ਮੰਗਣ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੇ ਬੀਜੇਪੀ ਨੂੰ ਨਕਾਰ ਦਿੱਤਾ ਅਤੇ ਉਹ ਇਕ ਵੀ ਸੀਟ ਨਹੀਂ ਜਿੱਤ ਸਕੀ | ਉਨ੍ਹਾਂ ਦੇਸ਼ ਵਿਚ ਵਧ ਰਹੀ ਮਹਿੰਗਾਈ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚੋਣਾਂ ਲੰਘਦਿਆਂ ਹੀ ਪੈਟਰੋਲ ਅਤੇ ਡੀਜ਼ਲ ਦੇ ਰੇਟ 3 ਰੁਪਏ ਮਹਿੰਗੇ ਕਰ ਦਿੱਤੇ ਗਏ ਹਨ | ਉਨ੍ਹਾਂ ਯਾਦ ਕਰਵਾਇਆ ਕਿ 12 ਸਾਲ ਪਹਿਲਾਂ ਤੇਲ 47 ਰੁਪਏ ਲੀਟਰ, ਡੀ.ਏ.ਪੀ. ਖਾਦ ਦਾ ਗੱਟਾ 450 ਰੁਪਏ ਅਤੇ ਗੈਸ ਸਿਲੰਡਰ 350 ਰੁਪਏ ਦਾ ਮਿਲਦਾ ਸੀ | ਅੱਜ ਬੀਜੇਪੀ ਸਿਰਫ਼ ਸੋਸ਼ਲ ਮੀਡੀਆ ਅਤੇ ਟੀਵੀ ਰਾਹੀਂ ਲੋਕਾਂ ਨੂੰ ਭੰਬਲਭੂਸੇ ਵਿਚ ਪਾ ਕੇ, ਠੱਗੀ-ਠੋਰੀ ਨਾਲ ਸਿਰਫ਼ ਚੋਣਾਂ ਜਿੱਤਣ ਵਾਲੀ ਮਸ਼ੀਨ ਬਣ ਕੇ ਰਹਿ ਗਈ ਹੈ | ਉਨ੍ਹਾਂ ਪੂਰਨ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੀਆਂ ਜਨਰਲ ਚੋਣਾਂ ਵਿਚ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ, ਜਿਸ ਦਾ ਟਰੇਲਰ ਲੋਕਾਂ ਨੇ ਪਾਰਲੀਮੈਂਟ ਚੋਣਾਂ ਵਿਚ 13 ਵਿਚੋਂ 7 ਸੀਟਾਂ ਕਾਂਗਰਸ ਦੀ ਝੋਲੀ ਪਾ ਕੇ ਦਿਖਾ ਦਿੱਤਾ ਹੈ |