ਕੋਟਕਪੂਰਾ, 17 ਮਈ (ਮੋਹਰ ਸਿੰਘ ਗਿੱਲ, ਮੇਘਰਾਜ)-ਸਥਾਨਕ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਕੰਮ ਆਖ਼ਰੀ ਦਿਨ ਸੁੱਖੀ ਸਾਂਦੀ ਨੇਪਰੇ ਚੜ੍ਹ ਗਿਆ ਹੈ | ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਕੰਮ ਅੱਜ ਸਵੇਰ ਤੋਂ ਹੀ ਸਥਾਨਕ ਬਠਿੰਡਾ ਸੜਕ 'ਤੇ ਸਥਿਤ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਖੇ ਸ਼ਾਂਤੀਪੂਰਵਕ ਤਰੀਕੇ ਨਾਲ ਸ਼ੁਰੂ ਹੋ ਗਿਆ ਸੀ | ਕਾਲਜ ਦੇ ਮੁੱਖ ਗੇਟ 'ਤੇ ਡੀ.ਐਸ.ਪੀ ਸੰਜੀਵ ਕੁਮਾਰ ਨੇ ਖ਼ੁਦ ਨਿਗਰਾਨੀ ਰੱਖ ਕੇ ਉਮੀਦਵਾਰਾਂ ਨੂੰ ਵਾਰੋ-ਵਾਰੀ ਅੰਦਰ ਤੋਰਿਆ | ਇਸ ਦੌਰਾਨ ਕਿਸੇ ਗੈਰ ਵਿਅਕਤੀ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ | ਇਥੋਂ ਤੱਕ ਕਿ ਕੁਝ ਪੱਤਰਕਾਰਾਂ ਨੂੰ ਵੀ ਅੱਗੇ ਜਾਣ ਨਹੀਂ ਦਿੱਤਾ ਗਿਆ ਅਤੇ ਪੁਲਿਸਕਰਮੀ ਮੀਡੀਆ ਕਰਮੀਆਂ ਨਾਲ ਉਲਝਦੇ ਦਿਖਾਈ ਦਿੱਤੇ | ਆਮ ਆਦਮੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨਾਲ ਸਬੰਧ ਰੱਖਣ ਵਾਲੇ ਵੱਖ-ਵੱਖ ਉਮੀਦਵਾਰਾਂ ਨੇ ਬੜੇ ਉਤਸ਼ਾਹ ਨਾਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ | ਨਾਇਬ ਤਹਿਸੀਲਦਾਰ ਅਤੇ ਚੋਣ ਅਧਿਕਾਰੀ ਗੁਰਚਰਨ ਸਿੰਘ ਬਰਾੜ ਨੇ ਦੱਸਿਆ ਕਿ ਕਰੀਬ 2:30 ਵਜੇ ਤੱਕ 58 ਨਾਮਜ਼ਦਗੀਆਂ ਦਾਖ਼ਲ ਕਰਨ ਦਾ ਕੰਮ ਮੁਕੰਮਲ ਹੋ ਗਿਆ ਸੀ | ਗੇਟ ਦੇ ਬਾਹਰਵਾਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਸਮਰਥਕਾਂ ਦੀ ਸਾਰਾ ਦਿਨ ਬਹੁਤ ਜ਼ਿਆਦਾ ਭੀੜ ਲੱਗੀ ਰਹੀ | ਕੋਟਕਪੂਰਾ ਦੇ ਸਾਬਕਾ ਵਿਧਾਇਕ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਮਨਤਾਰ ਸਿੰਘ ਬਰਾੜ ਅਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ ਆਪਣੇ ਸਮਰਥਕਾਂ ਸਮੇਤ ਦਿਨ-ਛਿਪੇ ਤੱਕ ਗੇਟ ਦੇ ਨੇੜੇ ਹਾਜ਼ਰ ਰਹੇ | ਇਸ ਦੌਰਾਨ ਬਾਹਰਵਾਰ ਕਈ ਵਾਰ ਤਣਾਅਪੂਰਨ ਮਾਹੌਲ ਬਣਿਆ, ਪਰ ਸਥਿਤੀ ਕਾਬੂ ਹੇਠ ਰਹੀ | ਬੀਤੇ ਕੱਲ੍ਹ ਸੱਤ੍ਹਾਧਾਰੀ ਧਿਰ ਦੇ ਸਮਰਥਕਾਂ ਅਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਦਰਮਿਆਨ ਤਲਖਕਲਾਮੀ ਹੋ ਜਾਣ ਕਾਰਨ ਨਾਮਜ਼ਦਗੀ ਪੱਤਰ ਨਾਮਾਤਰ ਦਾਖ਼ਲ ਹੋਏ ਸਨ | 29 ਵਾਰਡਾਂ ਦੀ ਚੋਣ ਲਈ ਆਮ ਆਦਮੀ ਪਾਰਟੀ, ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਸਾਰੇ ਦੇ ਸਾਰੇ ਵਾਰਡਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ |