ਗਿੱਦੜਬਾਹਾ, 18 ਮਈ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਕਾਰ ਚਾਲਕ ਇਕ ਵਿਅਕਤੀ ਖ਼ਿਲਾਫ਼ ਲਾਪ੍ਰਵਾਹੀ ਤੇ ਤੇਜ਼ ਰਫ਼ਤਾਰ ਨਾਲ ਕਾਰ ਚਲਾ ਕੇ ਸੜਕ ਹਾਦਸਾ ਕਰਨ ਦੇ ਦੋਸ਼ਾਂ ਹੇਠ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਦੋਂਕਿ ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਸੀ | ਪੁਲਿਸ ਨੂੰ ਦਿੱਤੇ ਬਿਆਨ ਵਿਚ ਅਮਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਬਾਦੀਆਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਆਪਣੇ ਮੋਟਰਸਾਈਕਲ ਨੰਬਰ ਪੀ.ਬੀ. 03 ਐੱਚ 6733 'ਤੇ ਸਵਾਰ ਹੋ ਕੇ ਉਹ ਖ਼ੁਦ ਦੂਜੇ ਮੋਟਰਸਾਈਕਲ 'ਤੇ ਆਪਣੇ ਗੁਆਂਢੀ ਬਲਜਿੰਦਰ ਸਿੰਘ ਪੁੱਤਰ ਚਰਨ ਸਿੰਘ ਨਾਲ ਗਿੱਦੜਬਾਹਾ ਤੋਂ ਪਿੰਡ ਬਾਦੀਆਂ ਜਾ ਰਹੇ ਸੀ | ਗੁਰਪ੍ਰੀਤ ਸਿੰਘ ਆਪਣੇ ਮੋਟਰਸਾਈਕਲ 'ਤੇ ਇੱਕਲਾ ਸੀ ਅਤੇ ਉਨ੍ਹਾਂ ਨਾਲੋਂ ਕੁਝ ਅੱਗੇ ਸੀ | ਜਦੋਂ ਦੋਵੇਂ ਮੋਟਰਸਾਈਕਲ ਪਿੰਡ ਹੁਸਨਰ ਤੋਂ ਗੁਰੂਸਰ ਰੋਡ 'ਤੇ ਜਾ ਰਹੇ ਸਨ ਤਾਂ ਜਦੋਂ ਉਹ ਸੇਮਨਾਲੇ ਵਾਲੇ ਪੁਲ 'ਤੇ ਅੱਗੇ ਪੁੱਜੇ ਤਾਂ ਗੁਰੂਸਰ ਵਾਲੇ ਪਾਸਿਓਾ ਆ ਰਹੀ ਕਾਰ ਨੰਬਰ ਡੀ.ਐੱਲ. 9 ਸੀ.ਜੀ. 3585 ਜਿਸ ਨੂੰ ਗੋਕੁਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਗੁਰਦੁਆਰਾ ਪਿੰਡ ਗੁਰੂਸਰ ਚਲਾ ਸੀ, ਨੇ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਕਾਰ ਚਲਾਉਂਦੇ ਹੋਏ ਗ਼ਲਤ ਸਾਈਡ ਤੋਂ ਲਿਆ ਕੇ ਗੁਰਪ੍ਰੀਤ ਸਿੰਘ ਦੇ ਮੋਟਰਸਾਈਕਲ ਵਿਚ ਕਾਰ ਦੀ ਸਿੱਧੀ ਟੱਕਰ ਮਾਰੀ, ਜਿਸ ਨਾਲ ਗੁਰਪ੍ਰੀਤ ਸਿੰਘ ਮੋਟਰਸਾਈਕਲ ਸਮੇਤ ਕਰੀਬ 10 ਫੁੱਟ ਡੂੰਘੇ ਖੇਤਾਂ ਵਿਚ ਜਾ ਡਿੱਗਾ | ਇਸ ਸੜਕ ਹਾਦਸੇ ਵਿਚ ਗੁਰਪ੍ਰੀਤ ਸਿੰਘ ਦੇ ਸਿਰ, ਛਾਤੀ ਤੇ ਸਰੀਰ 'ਤੇ ਸੱਟਾਂ ਲੱਗੀਆ, ਜਿਸ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਭਰਤੀ ਕਰਵਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਏਮਜ ਬਠਿੰਡਾ ਰੈਫ਼ਰ ਕਰ ਦਿੱਤਾ, ਜਿਥੇ ਇਲਾਜ ਦੌਰਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ | ਉਕਤ ਮਾਮਲੇ ਵਿਚ ਗਿੱਦੜਬਾਹਾ ਪੁਲਿਸ ਨੇ ਅਮਰਜੀਤ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਗੋਕੁਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਗੁਰੂਸਰ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |