ਫ਼ਰੀਦਕੋਟ, 10 ਜੂਨ (ਸਰਬਜੀਤ ਸਿੰਘ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਅੱਜ ਸਥਾਨਕ ਪੈਨਸ਼ਨਰ ਭਵਨ ਵਿਖੇ ਇੰਦਰਜੀਤ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਮੁਲਾਜ਼ਮ ਆਗੂ ਜਤਿੰਦਰ ਕੁਮਾਰ, ਨਵਪ੍ਰੀਤ ਸਿੰਘ, ਨਰਿੰਦਰ ਸਿੰਘ ਟੀ ਐਸ ਯੂ, ਸਿਮਰਜੀਤ ਸਿੰਘ ਬਰਾੜ, ਸੁਖਮੰਦਰ ਸਿੰਘ ਗਿੱਲ ਪੀ. ਆਰ. ਟੀ. ਸੀ., ਦਰਜਾ ਚਾਰ ਮੁਲਾਜ਼ਮ ਆਗੂ ਬਲਕਾਰ ਸਿੰਘ ਸਹੋਤਾ ਅਤੇ ਪੈਨਸ਼ਨਰ ਆਗੂ ਕੁਲਵੰਤ ਸਿੰਘ ਚਾਨੀ ਨੇ ਭਗਵੰਤ ਮਾਨ ਸਰਕਾਰ ਵਲੋਂ ਮੁਲਾਜ਼ਮ ਅਤੇ ਪੈਨਸ਼ਨਰ ਮੰਗਾਂ ਸਬੰਧੀ ਧਾਰਨ ਕੀਤੇ ਗਏ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਆਗੂਆਂ ਨੇ ਬੀਤੇ ਦਿਨੀਂ ਪਟਿਆਲਾ ਵਿਖੇ ਬੇਰੁਜ਼ਗਾਰ ਲਾਈਨਮੈਨ ਮੁਲਾਜ਼ਮਾਂ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸ਼ਹਿ 'ਤੇ ਪੰਜਾਬ ਪੁਲਿਸ ਵਲੋਂ ਕੀਤੇ ਗਏ ਅੰਨੇਵਾਹ ਤਸ਼ਦੱਦ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਤਸ਼ੱਦਦ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ ਅਤੇ ਸੱਤਾ ਧਿਰ ਦੇ 95 ਗੂੰਗੇ ਪਹਿਲਵਾਨਾਂ ਵਿਚੋਂ ਕਿਸੇ ਇਕ ਦੀ ਵੀ ਜਮੀਰ ਵੀ ਨਹੀਂ ਜਾਗੀ | ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 19 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ ਠੀਕ 10 ਵਜੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਇਕ ਚਿਤਾਵਨੀ ਪੱਤਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਦਿੱਤਾ ਜਾਵੇਗਾ | ਮੀਟਿੰਗ ਦੌਰਾਨ ਇਹ ਵੀ ਨਿਰਣਾ ਲਿਆ ਗਿਆ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਫ਼ਰੀਦਕੋਟ ਵਲੋਂ 20 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ ਠੀਕ 10 ਵਜੇ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਜ਼ਿਲ੍ਹਾ ਪੱਧਰੀ ਕਨਵੈਂਨਸ਼ਨ ਕੀਤੀ ਜਾਵੇਗੀ ਅਤੇ ਕਨਵੈਨਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਸਾਹਮਣੇ ਕੀਤੇ ਜਾਣ ਵਾਲੇ ਘੜਾ ਭੰਨ ਮੁਜਾਹਰਿਆਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਸੋਮ ਨਾਥ ਅਰੋੜਾ, ਜਗਤਾਰ ਸਿੰਘ ਗਿੱਲ, ਮਾਸਟਰ ਮੱਖਣ ਸਿੰਘ, ਡਾ. ਨਵਤੇਜ ਸਿੰਘ, ਬਿਸ਼ਨ ਕੁਮਾਰ ਅਰੋੜਾ, ਪ੍ਰਦੀਪ ਸਿੰਘ ਬਰਾੜ, ਗੁਰਿੰਦਰ ਸਿੰਘ ਮਣੀ, ਸੰਤ ਸਿੰਘ ਮੁੱਖ ਅਧਿਆਪਕ, ਇੰਦਰਜੀਤ ਸਿੰਘ ਗਿੱਲ, ਗੁਰਚਰਨ ਸਿੰਘ ਮਾਨ, ਕਰਮਜੀਤ ਸਿੰਘ ਬੇਦੀ, ਮਨਮੋਹਨ ਸਿੰਘ ਡੀ.ਪੀ.ਆਰ.ਓ., ਦਰਸ਼ਨ ਸਿੰਘ ਅਤੇ ਅਜੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ |