ਬਰਗਾੜੀ, 17 ਜੂਨ (ਲਖਵਿੰਦਰ ਸ਼ਰਮਾ)-ਅਕਾਲੀ ਦਲ ਵਾਰਿਸ ਪੰਜਾਬ ਵਲੋਂ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਸੰਨ 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਬਰਗਾੜੀ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਬਹਿਬਲ ਕੋਟਕਪੂਰਾ ਗੋਲੀਕਾਂਡ ਦੇ ਇਨਸਾਫ਼, ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਦਿੱਤੀਆਂ ਜਾ ਰਹੀਆਂ ਗਿ੍ਰਫ਼ਤਾਰੀਆਂ ਦੀ ਲੜੀ ਤਹਿਤ 10 ਮੈਂਬਰੀ ਜਥੇ ਨੇ ਬਰਗਾੜੀ ਵਿਖੇ ਗਿ੍ਰਫ਼ਤਾਰੀ ਦਿੱਤੀ। ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਉਸ ਸਮੇਂ ਹੋਏ ਗੋਲੀਕਾਂਡ ਦਾ ਅਜੇ ਤੱਕ ਪੂਰਨ ਇਨਸਾਫ਼ ਨਹੀਂ ਮਿਲਿਆ। ਇਸ ਮੁੱਦੇ ‘ਤੇ ਕਾਂਗਰਸ ਅਤੇ ਆਪ ਪਾਰਟੀ ਨੇ ਸਰਕਾਰਾਂ ਬਣਾਈਆਂ ਪ੍ਰੰਤੂ ਅਜੇ ਤੱਕ ਕਿਸੇ ਵੀ ਸਰਕਾਰ ਨੇ ਪੂਰਨ ਇਨਸਾਫ਼ ਨਹੀਂ ਦਿੱਤਾ। ਸਰਕਾਰਾਂ ਨੇ ਇਨਸਾਫ਼ ਦੇਣ ਦੀ ਥਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ ਕੀਤੀ। ਭਗਵੰਤ ਮਾਨ ਨੂੰ ਪਹਿਲਾਂ 2015 ਵਿਚ ਬਰਗਾੜੀ ਬੇਅਦਬੀ ਦੇ ਭੋਗ ਸਮਾਗਮ ਸਮੇਂ ਸ਼ਰਾਬ ਪੀ ਕੇ ਸ੍ਰੀ ਗੂਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹਾਜ਼ਰ ਹੋਇਆ ਸੀ, ਪ੍ਰੰਤੂ ਉਸ ਸਮੇਂ ਦੀ ਬਾਦਲ ਸਰਕਾਰ ਨੇ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਸੀ। ਹੁਣ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ‘ਤੇ ਸ਼ਰਾਬ ਦੇ ਛਿੱਟੇ ਮਾਰਨ ਦੀ ਵੀਡੀ� ਸਾਹਮਣੇ ਆਉਣ ਤੇ ਤੁਰੰਤ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਨਾਨਕ ਨਾਮ ਲੇਵਾ ਸੰਗਤਾਂ ਅਤੇ ਸਿੱਖ ਸਮਾਜ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ। ਗਿ੍ਰਫ਼ਤਾਰੀ ਦੇਣ ਵਾਲੇ ਜਥੇ ਵਿਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰਗਟ ਸਿੰਘ ਮਖੂ, ਕਸ਼ਮੀਰ ਸਿੰਘ ਕਰਿਆਲਾ, ਵੀਰ ਸਿੰਘ ਸੇਖਵਾਂ, ਕੁਲਵਿੰਦਰ ਸਿੰਘ, ਜਗਸੀਰ ਸਿੰਘ ਸੇਖਵਾਂ, ਗੁਰਮੀਤ ਸਿੰਘ ਹਬੀਬ, ਬਲਵੰਤ ਸਿੰਘ, ਅੰਮਿਤ੍ਰਪਾਲ ਸਿੰਘ ਜਲਾਲ, ਕੁਲਦੀਪ ਸਿੰਘ ਜਲਾਲ ਆਦਿ ਸ਼ਾਮਿਲ ਸਨ।