21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਨਗਰ ਕੌਂਸਲ ਜੈਤੋ ਦੀ ਪ੍ਰਧਾਨਗੀ ’ਤੇ ਰਹੱਸ ਬਰਕਰਾਰ

ਅਜੀਤ ਡੈਸਕ 25-06-2026


ਜੈਤੋ, 24 ਜੂਨ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਸਿਆਸੀ ਹਲਚਲ ਦਿਨੋਂ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਪ੍ਰਧਾਨਗੀ ਦੀ ਕੁਰਸੀ ਹਾਸਿਲ ਕਰਨ ਲਈ ਕਈ ਕੌਂਸਲਰ ਅੰਦਰਖਾਤੇ ਸਰਗਰਮ ਦਿਖਾਈ ਦੇ ਰਹੇ ਹਨ। ਸੱਤਾਧਾਰੀ ਪਾਰਟੀ ਕੋਲ 12 ਕੌਂਸਲਰ ਹੋਣ ਦੇ ਬਾਵਜੂਦ ਵਿਧਾਇਕ ਵਲੋਂ ਹਾਲੇ ਤੱਕ ਕੋਈ ਪੱਤਾ ਨਾ ਖੋਲ੍ਹਣ ਕਾਰਨ ਪ੍ਰਧਾਨਗੀ ਦੀ ਆਸ ਲਗਾਏ ਬੈਠੇ ਕੌਂਸਲਰਾਂ ਦੇ ਚਿਹਰਿਆਂ ’ਤੇ ਮਾਯੂਸੀ ਸਾਫ਼ ਨਜ਼ਰ ਆ ਰਹੀ ਹੈ। ਵਿਧਾਇਕ ਦੀ ਚੁੱਪ ਨੇ ਸਿਆਸੀ ਗਲਿਆਰਿਆਂ ਵਿਚ ਚਰਚਾਵਾਂ ਅਤੇ ਕਿਆਸਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਸੱਤਾਧਾਰੀ ਕੌਂਸਲਰਾਂ ਦੇ ਖੇਮਿਆਂ ਵਿਚ ਵੀ ਇਸ ਮਾਮਲੇ ਨੂੰ ਲੈ ਕੇ ਬੇਚੈਨੀ ਦਾ ਮਾਹੌਲ ਬਣਿਆ ਹੋਇਆ ਹੈ। ਅੰਦਰੂਨੀ ਚਰਚਾਵਾਂ ਅਨੁਸਾਰ ਵਿਧਾਇਕ ਲਈ ਸਾਬਕਾ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਤੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਪਾਸੇ ਕਰਨਾ ਆਸਾਨ ਨਹੀਂ ਹੋਵੇਗਾ। ਇਹੀ ਕਾਰਨ ਹੈ ਕਿ ਪ੍ਰਧਾਨਗੀ ਦੀ ਦੌੜ ਹਰ ਦਿਨ ਨਵੇਂ ਮੋੜ ਲੈਂਦੀ ਨਜ਼ਰ ਆ ਰਹੀ ਹੈ। ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਜ਼ੋਰਾਂ ’ਤੇ ਹੈ ਕਿ ਸਮੀਕਰਨਾਂ ਨੂੰ ਸੰਤੁਲਿਤ ਕਰਨ ਲਈ ਜਨਰਲ ਮਹਿਲਾ ਵਰਗ ਵਿਚੋਂ ਕਿਸੇ ਨਵੇਂ ਚਿਹਰੇ ’ਤੇ ਦਾਅ ਖੇਡਿਆ ਜਾ ਸਕਦਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਕਈ ਮੌਜੂਦਾ ਦਾਅਵੇਦਾਰਾਂ ਦੇ ਅਰਮਾਨਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਨਗਰ ਕੌਂਸਲ ਜੈਤੋ ਅਧੀਨ ਸ਼ਹਿਰੀ ਅਤੇ ਪੇਂਡੂ ਵੋਟਰਾਂ ਦੇ ਸਮੀਕਰਨਾਂ ਨੂੰ ਇਕੱਠੇ ਲੈ ਕੇ ਚੱਲਣਾ ਵੀ ਵਿਧਾਇਕ ਲਈ ਵੱਡੀ ਚੁਣੌਤੀ ਮੰਨੀ ਜਾ ਰਹੀ ਹੈ। ਕਈ ਦਹਾਕਿਆਂ ਬਾਅਦ ਜੈਤੋ ਨੂੰ ਪਿਛਲੀ ਪ੍ਰਧਾਨਗੀ ਦੌਰਾਨ ਇਕ ਸ਼ਹਿਰੀ ਚਿਹਰਾ ਮਿਲਿਆ ਸੀ, ਜਿਸ ਨੂੰ ਲੋਕਾਂ ਵਲੋਂ ਖਾਸ ਅਹਿਮੀਅਤ ਦਿੱਤੀ ਗਈ ਸੀ। ਭਾਵੇਂ ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਵੱਡੀ ਗਿਣਤੀ ਵਿਚ ਉਮੀਦਵਾਰ ਮੈਦਾਨ ਵਿਚ ਨਹੀਂ ਉਤਾਰੇ ਗਏ ਸਨ, ਪਰ ਵਿਧਾਇਕ ਦੀ ਰਣਨੀਤੀ ਅਤੇ ਸਿਆਸੀ ਸੂਝਬੂਝ ਸਦਕਾ ਪਾਰਟੀ ਆਪਣਾ ਪ੍ਰਧਾਨ ਬਣਾਉਣ ਵਿਚ ਸਫਲ ਰਹੀ ਸੀ ਪਰ ਇਸ ਵਾਰ ਖੇਡ ਪੂਰੀ ਤਰ੍ਹਾਂ ਵੱਖਰੀ ਦਿਖਾਈ ਦੇ ਰਹੀ ਹੈ। ਸਾਬਕਾ ਪ੍ਰਧਾਨ ਤੋਂ ਇਲਾਵਾ ਕਈ ਹੋਰ ਕੌਂਸਲਰ ਵੀ ਪ੍ਰਧਾਨਗੀ ਦੀ ਦੌੜ ਵਿਚ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਵਿਚ ਜੁਟੇ ਹੋਏ ਹਨ। ਹੁਣ ਸਭ ਦੀਆਂ ਨਜ਼ਰਾਂ ਵਿਧਾਇਕ ਦੇ ਅਗਲੇ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ।

ਪਿਛਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ’ ਫ਼ੈਸਲਾਕੁੰਨ ਦੌਰ ’ਚ- ਸਪੀਕਰ ਕੁਲਤਾਰ ਸਿੰਘ ਸੰਧਵਾਂ ਅਗਲੀ ਖ਼ਬਰ ਸੱਤ ਪਾਲ ਜਿੰਦਲ ਗੁੱਡ ਮਾਰਨਿੰਗ ਵਾਕ ਕਲੱਬ ਜੈਤੋ ਦੇ 6ਵੀਂ ਵਾਰ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।