08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਭਾਈ ਘਨ੍ਹਈਆ ਸੇਵਾ ਸੁਸਾਇਟੀ ਨੂੰ ਰੇਲਵੇ ਸਟੇਸ਼ਨ ’ਤੇ ਸਥਾਈ ਜਲ ਸੇਵਾ ਲਈ ਮਿਲੀ ਮਨਜ਼ੂਰੀ

ਅਜੀਤ ਡੈਸਕ 01-07-2026
aਮਲੋਟ, 30 ਜੂਨ (ਪਾਟਿਲ)-ਰੇਲਵੇ ਸਟੇਸ਼ਨ ਮਲੋਟ ਵਿਖੇ ਪਿਛਲੇ ਕਈ ਸਾਲਾਂ ਤੋਂ ਨਿਰਸਵਾਰਥ ਭਾਵਨਾ ਨਾਲ ਯਾਤਰੀਆਂ ਦੀ ਜਲ ਸੇਵਾ ਕਰ ਰਹੀ ਭਾਈ ਘਨ੍ਹਈਆ ਸੇਵਾ ਸੁਸਾਇਟੀ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਆਖ਼ਰਕਾਰ ਬੂਰ ਪੈ ਗਿਆ ਹੈ। ਉਤਰ ਰੇਲਵੇ ਵਲੋਂ ਰੇਲਵੇ ਸਟੇਸ਼ਨ ’ਤੇ ਸਥਾਈ ਵਾਟਰ ਕੂਲਰ ਸਥਾਪਤ ਕਰਕੇ ਜਲ ਸੇਵਾ ਚਲਾਉਣ ਲਈ ਸੰਸਥਾ ਨੂੰ ਅਧਿਕਾਰਤ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸੰਬੰਧੀ ਸਟੇਸ਼ਨ ਮਾਸਟਰ ਮਲੋਟ ਸ੍ਰੀ ਪੀ.ਕੇ. ਵਲੋਂ ਇਕ ਪੱਤਰ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਸੌਂਪਿਆ ਗਿਆ। ਜ਼ਿਕਰਯੋਗ ਹੈ ਕਿ ਭਾਈ ਘਨ੍ਹਈਆ ਸੇਵਾ ਸੁਸਾਇਟੀ ਪਿਛਲੇ ਲੰਮੇ ਸਮੇਂ ਤੋਂ ਰੇਲਵੇ ਸਟੇਸ਼ਨ ਮਲੋਟ ਵਿਖੇ ਆਉਣ-ਜਾਣ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਨਿਰੰਤਰ ਠੰਢੇ ਪਾਣੀ ਦੀ ਸੇਵਾ ਪ੍ਰਦਾਨ ਕਰਦੀ ਆ ਰਹੀ ਹੈ। ਸਥਾਈ ਸਥਾਨ ਨਾ ਹੋਣ ਕਾਰਨ ਹਰ ਸਾਲ ਸੰਸਥਾ ਨੂੰ ਜਲ ਸੇਵਾ ਚਲਾਉਣ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਨੂੰ ਧਿਆਨ ਵਿਚ ਰੱਖਦਿਆਂ ਸੰਸਥਾ ਵਲੋਂ ਰੇਲਵੇ ਵਿਭਾਗ ਕੋਲ ਸਥਾਈ ਜਲ ਸੇਵਾ ਕੇਂਦਰ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਹੁਣ ਮਨਜ਼ੂਰੀ ਮਿਲ ਗਈ ਹੈ। ਰੇਲਵੇ ਵਿਭਾਗ ਦੇ ਨਿਰਧਾਰਤ ਮਾਪਦੰਡਾਂ ਅਨੁਸਾਰ ਸਥਾਈ ਵਾਟਰ ਕੂਲਰ ਸਥਾਪਤ ਹੋਣ ਨਾਲ ਯਾਤਰੀਆਂ ਨੂੰ ਸਾਲ ਭਰ ਸੁਚੱਜੀ ਅਤੇ ਬਿਹਤਰ ਜਲ ਸੇਵਾ ਮਿਲੇਗੀ। ਅਥਾਰਟੀ ਪੱਤਰ ਮਿਲਣ ਮੌਕੇ ਸੁਸਾਇਟੀ ਦੇ ਪ੍ਰਧਾਨ ਲਜਿੰਦਰ ਕਾਲੜਾ (ਟੀਨਾ), ਕ੍ਰਿਸ਼ਨਾ ਸੇਵਾ ਦਲ ਦੇ ਪ੍ਰਧਾਨ ਅਨਿਲ ਗੋਂਦਾਰਾ ਰਾਮ, ਸ੍ਰੀ ਮਾਤਾ ਅੰਗੂਰੀ ਦੇਵੀ ਮੰਦਰ ਦੇ ਪ੍ਰਧਾਨ ਅਨਿਲ ਜੁਨੇਜਾ (ਜੋਨੀ) ਅਤੇ ਸਮਾਜ ਸੇਵੀ ਸੁਰਿੰਦਰ ਮਦਾਨ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਰੇਲਵੇ ਸਟੇਸ਼ਨ ਮਲੋਟ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ, ਰੇਲਵੇ ਮੰਤਰਾਲੇ ਅਤੇ ਵਿਸ਼ੇਸ਼ ਤੌਰ ’ਤੇ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਮੈਂਬਰ ਸਵਰਨਜੀਤ ਸਿੰਘ, ਵਨੀਤ ਛਾਬੜਾ, ਸੁਰਿੰਦਰ ਸਿੰਘ ਕਾਲੜਾ, ਅਵਤਾਰ ਸਿੰਘ, ਹਰਬੰਸ ਸਿੰਘ ਮੱਕੜ, ਕੇਸਰ ਸਿੰਘ ਮੱਕੜ ਅਤੇ ਡਾ. ਹਰਿੰਦਰ ਸਿੰਘ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਇਸ਼ਤਿਹਾਰਾਂ ’ਚ ਪਾਵਰ ਸਰਪਲੱਸ ਜ਼ਮੀਨ ’ਤੇ ਬਿਜਲੀ ਗ਼ਾਇਬ-ਭਾਜਪਾ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।