ਰੈਸਟ ਹਾਊਸ ਦਰਬਾਰ ਗੰਜ ਕੰਪਲੈਕਸ ’ਚ ਸੰਗੀਤਕ ਫ਼ੁਹਾਰਾ ਕਈ ਮਹੀਨਿਆ ਤੋਂ ਬੰਦ
ਫ਼ਰੀਦਕੋਟ, 3 ਸਤੰਬਰ (ਹਰਮਿੰਦਰ ਸਿੰਘ ਮਿੰਦਾ)- ਰੈਸਟ ਹਾਊਸ ਦਰਬਾਰ ਗੰਜ ਫ਼ਰੀਦਕੋਟ ਦੀ ਹਾਲਤ ਦਿਨੋਂ ਦਿਨ ਮਾੜੀ ਹੁੰਦੀ ਜਾ ਰਹੀ ਹੈ। ਇਸ ਰੈਸਟ ਹਾਊਸ ਕੰਪਲੈਕਸ ’ਚ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ’ਚ ਸੈਰ ਕਰਨ ਵਾਲੇ ਸ਼ਹਿਰੀਆਂ ਨੇ ਕਈ ਵਾਰ ਇਸ ਦੀ ਹਾਲਤ ’ਚ ਸੁਧਾਰ ਲਿਆਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਅਤੇ ਵੱਖ-ਵੱਖ ਸਿਆਸੀ ਆਗੂਆਂ ਨੂੰ ਬੇਨਤੀਆਂ ਕੀਤੀਆਂ, ਪਰ ਇਸ ਦੀ ਹਾਲਤ ’ਚ ਸੁਧਾਰ ਨਾ ਆਉਣ ਕਾਰਨ ਸ਼ਹਿਰੀਆਂ ’ਚ ਰੋਸ ਦੀ ਲਹਿਰ ਹੈ।
ਫ਼ਰੀਦਕੋਟ, 3 ਸਤੰਬਰ (ਹਰਮਿੰਦਰ ਸਿੰਘ ਮਿੰਦਾ)- ਰੈਸਟ ਹਾਊਸ ਦਰਬਾਰ ਗੰਜ ਫ਼ਰੀਦਕੋਟ ਦੀ ਹਾਲਤ ਦਿਨੋਂ ਦਿਨ ਮਾੜੀ ਹੁੰਦੀ ਜਾ ਰਹੀ ਹੈ। ਇਸ ਰੈਸਟ ਹਾਊਸ ਕੰਪਲੈਕਸ ’ਚ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ’ਚ ਸੈਰ ਕਰਨ ਵਾਲੇ ਸ਼ਹਿਰੀਆਂ ਨੇ ਕਈ ਵਾਰ ਇਸ ਦੀ ਹਾਲਤ ’ਚ ਸੁਧਾਰ ਲਿਆਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਅਤੇ ਵੱਖ-ਵੱਖ ਸਿਆਸੀ ਆਗੂਆਂ ਨੂੰ ਬੇਨਤੀਆਂ ਕੀਤੀਆਂ, ਪਰ ਇਸ ਦੀ ਹਾਲਤ ’ਚ ਸੁਧਾਰ ਨਾ ਆਉਣ ਕਾਰਨ ਸ਼ਹਿਰੀਆਂ ’ਚ ਰੋਸ ਦੀ ਲਹਿਰ ਹੈ। ਇਥੇ ਅਫ਼ਸਰਾਂ ਦੀ ਰਿਹਾਇਸ਼ ਦੇ ਆਲੇ-ਦੁਆਲੇ ਹਰ ਵੇਲੇ ਅਵਾਰਾ ਕੁੱਤੇ ਬੇਖੌਫ਼ ਘੁੰਮਦੇ ਮਿਲ ਜਾਂਦੇ ਹਨ। ਜੇਕਰ ਇਸ ਕੰਪਲੈਕਸ ਦੀ ਮਹੱਤਤਾ ਬਾਰੇ ਗੱਲ ਕਰੀਏ ਤਾਂ ਇਸ ਕੰਪਲੈਕਸ ’ਚ ਕਮਿਸ਼ਨਰ ਦਫ਼ਤਰ ਅਤੇ ਉਨ੍ਹਾਂ ਦੀ ਰਿਹਾਇਸ਼ ਹੈ। ਇਸ ਕੰਪਲੈਕਸ ’ਚ 15 ਅਗਸਤ, 26 ਜਨਵਰੀ ਅਤੇ ਹੋਰ ਖਾਸ ਮੌਕਿਆਂ ਤੇ ਵੱਡੇ-ਵੱਡੇ ਮੰਤਰੀ ਆ ਕੇ ਰਹਿੰਦੇ ਹਨ। ਇਸ ਕੰਪਲੈਕਸ ’ਚ ਕਈ ਸਰਕਾਰੀ ਦਫ਼ਤਰ ਹਨ, ਜਿੱਥੇ ਸਾਰਾ ਦਿਨ ਅਧਿਕਾਰੀ ਆਉਂਦੇ ਤੇ ਜਾਂਦੇ ਹਨ, ਪਰ ਏ.ਸੀ. ਕਾਰਾਂ ’ਚ ਬੈਠ ਕੇ ਆਉਣ ਅਤੇ ਜਾਣ ਵਾਲਿਆਂ ਨੂੰ ਸ਼ਾਇਦ ਇਸ ਦੀ ਤਰਸਯੋਗ ਹਾਲਤ ਵਿਖਾਈ ਨਾ ਦਿੰਦੀ ਹੋਵੇ। ਜੇਕਰ ਇਸ ’ਚ ਸਰਕਾਰੀ ਕੁਆਟਰਾਂ ਦੇ ਸਾਹਮਣੇ ਕਿਤੇ ਨਿਗਾਹ ਚਲੀ ਜਾਵੇ ਤਾਂ ਕਾਂਗਰਸੀ ਘਾਹ ਦੇ ਵੱਡੇ-ਵੱਡੇ ਬੂਟੇ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ । ਜੇਕਰ ਪਹਿਲੇ ਮੈਦਾਨ ਦੀ ਗੱਲ ਕਰੀਏ ਤਾਂ ਇੱਥੇ ਲੱਗਾ ਸੰਗੀਤਕ ਫ਼ੁਹਾਰਾ ਸ਼ਹਿਰੀਆਂ ਵਾਸਤੇ ਥੋੜ੍ਹਾ ਜਿਹਾ ਸਮਾਂ ਖਿੱਚ ਦਾ ਕੇਂਦਰ ਬਣਨ ਤੋਂ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਹਾਲਤ ਤੇ ਅੱਥਰੂ ਵਹ੍ਹਾ ਰਿਹਾ ਹੈ। ਇਹ ਫ਼ੁਹਾਰਾ ਉਡੀਕ ਕਰ ਰਿਹਾ ਹੈ ਕਿ ਕਦੋਂ ਪ੍ਰਸ਼ਾਸਨ ਦੀ ਮਿਹਰ ਇਸ ਤੇ ਕਦੋਂ ਹੋਵੇਗੀ ਤੇ ਫ਼ਿਰ ਤੋਂ ਆਪਣੀ ਖਿੱਚ ਨਾਲ ਲੋਕਾਂ ਨੂੰ ਆਪਣੇ ਦੁਆਲੇ ਇੱਕਠਾ ਕਰੇਗਾ। ਇਸ ਦੇ ਨਾਲ ਹੀ ਅੰਤਰ ਰਾਸ਼ਟਰੀ ਪੱਧਰ ’ਤੇ ਜਾਣੇ ਜਾਂਦੇ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਦੇ ਅਹਿਮ ਪ੍ਰੋਗਰਾਮ ਇੱਥੇ ਹੁੰਦੇ ਸਨ, ਪਰ ਹੁਣ ਇਹ ਪ੍ਰੋਗਰਾਮ ਬੰਦ ਹੋ ਚੱਕੇ ਹਨ। ਇਸ ਮਹੀਨੇ 15 ਸਤੰਬਰ ਤੋਂ 24 ਸਤੰਬਰ ਤੱਕ ਬਾਬਾ ਸੇਖ ਫ਼ਰੀਦ ਜੀ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ। ਇਸ ਆਗਮਨ ਪੁਰਬ ਵਿਚ ਲਗਪਗ ਸਾਰੇ ਪੰਜਾਬ ਤੋਂ ਬਾਬਾ ਜੀ ਦੇ ਸ਼ਰਧਾਲੂ ਉਨ੍ਹਾਂ ਦੇ ਪਵਿੱਤਰ ਸਥਾਨ ’ਤੇ ਨਤਮਸਤਕ ਹੁੰਦੇ ਹਨ। ਉੱਥੇ ਰੈਸਟ ਹਾਊਸ ਵਿਖੇ ਬਣੀਆਂ ਸਾਰੀਆਂ ਦਿਖ ਵਾਲੀਆਂ ਇਮਾਰਤਾਂ ਦੇ ਕੋਲ ਲੋਕ ਆ ਕੇ ਤਸਵੀਰਾਂ ਕਰਦੇ ਹਨ। ਰੈਸਟ ਹਾਊਸ ਵਿਖੇ ਮੁਕਟ ਵਾਲੀ ਬਿਲਡਿੰਗ ਤੇ ਕੀਤੀਆਂ ਵਿਸ਼ੇਸ਼ ਲਾਇਟਾਂ ਹਮੇਸ਼ਾ ਖਿਚ ਦੇ ਕੇਂਦਰ ਬਣਦੀਆਂ ਹਨ। ਸ਼ਹਿਰ ਨਿਵਾਸੀਆਂ ਡਾ. ਬਿਮਲ ਗਰਗ, ਯੁਗੇਸ ਗਰਗ ਰਿਟਾ. ਬੈਂਕ ਮੈਨੇਜਰ, ਡਾ. ਸ਼ਵਿੰਦਰ ਸਿੰਘ, ਤਰਸੇਮ ਕਟਾਰੀਆਂ, ਚੰਦਨ ਕੱਕੜ, ਰਾਜੇਸ਼ ਸੇਠੀ, ਕੀਮਤੀ ਖੰਨਾ, ਗੋਰਾ ਮੌਂਗਾ ਅਤੇ ਕਈ ਹੋਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਤੋਂ ਪਹਿਲਾ ਇਸ ਸੰਗੀਤਮਈ ਫ਼ਹਾਰੇ ਨੂੰ ਚਾਲੂ ਕਰਕੇ ਬਾਹਰੋ ਆਉਣ ਵਾਲੇ ਲੋਕਾਂ ਨੂੰ ਖੁਸ਼ੀ ਤੇ ਅਨੰਦ ਪ੍ਰਦਾਨ ਕੀਤਾ ਜਾਵੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਬਲਜਿੰਦਰ ਸਿੰਘ ਬੱਬੂ ਅਹੂਜਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਰੈਸਟ ਹਾਊਸ ਦੇ ਫ਼ੁਹਾਰੇ ਅਤੇ ਸੜਕਾਂ ਦਾ ਕੰਮ ਜਲਦੀ ਪੂਰਾ ਕੀਤਾ ਜਾਵੇਗਾ।