ਸਾਦਿਕ, 15 ਅਕਤੂਬਰ (ਆਰ.ਐਸ.ਧੁੰਨਾ, ਗੁਰਭੇਜ ਸਿੰਘ ਚੌਹਾਨ)-ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਬੋਲਣ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਮਾਨਸਾ ਵਿਖੇ ਇਕ ਨਸ਼ਾ ਤਸਕਰ ਵਲੋਂ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੇ ਵਿਰੋਧ ਵਿਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਸਾਦਿਕ ਦੇ ਬਾਜ਼ਾਰ ਮੁਕੰਮਲ ਬੰਦ ਰਹੇ। ਵੱਖ ਵੱਖ ਕਿਸਾਨ ਜਥੇਬੰਦੀਆਂ, ਵਪਾਰ ਮੰਡਲ ਸਾਦਿਕ ਅਤੇ ਇਨਸਾਫ਼ ਪਸੰਦ ਲੋਕਾਂ ਨੇ ਸਾਦਿਕ ਵਿਖੇ ਮੁੱਖ ਚੌਂਕ ’ਚ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਾਰੀਆਂ ਸੜਕਾਂ ਜਾਮ ਕਰਕੇ ਆਵਾਜਾਈ ਠੱਪ ਰੱਖੀ। ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਧਰਨੇ ’ਚ ਬੈਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋਂ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਫ਼ੂਕ ਨਿਕਲ ਚੁੱਕੀ ਹੈ ਅਤੇ ਸਰਕਾਰ ਨਸ਼ੇ ਨੂੰ ਰੋਕਣ ਵਿਚ ਨਾਕਾਮ ਸਾਬਿਤ ਹੋਈ ਹੈ । ਇਸ ਮੌਕੇ ਭਾਈ ਦਲੇਰ ਸਿੰਘ ਡੋਡ ਹਲਕਾ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਨਸ਼ਿਆਂ ਖਿਲਾਫ਼ ਬੋਲਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਇਸ ਮੰਦਭਾਗੀ ਘਟਨਾ ਵਿਰੁੱਧ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਨਸ਼ੇ ਦੇ ਸੌਦਾਗਰ ਇਹ ਸਮਝਦੇ ਹਨ ਕਿ ਨਸ਼ਿਆਂ ਵਿਰੁੱਧ ਬੋਲਣ ਵਾਲੇ ਇਕ ਯੋਧੇ ਦੀ ਆਵਾਜ਼ ਨੂੰ ਬੰਦ ਕਰਕੇ ਉਹ ਪੰਜਾਬ ਦੇ ਲੋਕਾਂ ਨੂੰ ਡਰਾ ਲੈਣਗੇ ਤਾਂ ਇਹ ਨਸ਼ੇ ਦੇ ਸੌਦਾਗਰਾਂ ਦਾ ਭੁਲੇਖਾ ਹੈ ਕਿਉਂਕਿ ਪੰਜਾਬ ਦੇ ਲੋਕ ਉਸ ਯੋਧੇ ਦੀ ਕੁਰਬਾਨੀ ਨੂੰ ਜਾਇਆ ਨਹੀਂ ਜਾਣ ਦੇਣਗੇ ਅਤੇ ਪਰਵਿੰਦਰ ਸਿੰਘ ਝੋਟਾ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਹੁਣ ਲੋਕ ਲਹਿਰ ਬਣੇਗੀ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ. ਪੰਜਾਬ ਬਲਾਕ ਸਾਦਿਕ ਦੇ ਮੈਂਬਰਾਂ ਨੇ ਇਸ ਧਰਨੇ ’ਚ ਸ਼ਮੂਲੀਅਤ ਕਰਦਿਆਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨੈਬ ਸਿੰਘ ਸ਼ੇਰ ਸਿੰਘ ਵਾਲਾ ਬਲਾਕ ਪ੍ਰਧਾਨ, ਬਖਤੌਰ ਸਿੰਘ ਢਿੱਲੋਂ ਬੀ.ਕੇ.ਯੂ ਮਾਲਵਾ, ਸੁਖਵਿੰਦਰ ਸਿੰਘ ਸੁੱਖੀ ਪ੍ਰਧਾਨ ਡੀ.ਟੀ.ਐਫ਼ ਫ਼ਰੀਦਕੋਟ, ਗਮਦੂਰ ਸਿੰਘ ਸੰਗਰਾਹੂਰ ਬੀ.ਕੇ.ਯੂ ਸਿੱਧੂਪਰ, ਰਜਿੰਦਰ ਸਿੰਘ ਕਿੰਗਰਾ ਕਿਰਤੀ ਕਿਸਾਨ ਯੂਨੀਅਨ, ਬੂਟਾ ਸਿੰਘ ਸੰਗਤਪੁਰਾ ਕੌਮੀ ਕਿਸਾਨ ਯੂਨੀਅਨ, ਗੁਰਸੇਵਕ ਸਿੰਘ ਖਾਲਸਾ ਕਾਉਣੀ, ਅਮਨਦੀਪ ਸਿੰਘ ਖਾਲਸਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਚੰਦ ਸਿੰਘ ਡੋਡ ਪ੍ਰਧਾਨ ਉਪਰਾਲਾ ਫ਼ਾਊਂਡੇਸ਼ਨ ਭਾਰਤ, ਜਗਸੀਰ ਸਿੰਘ ਸਾਧੂਵਾਲਾ, ਅਪਰ ਅਪਾਰ ਸਿੰਘ ਸੰਧੂ, ਜਸਵਿੰਦਰ ਸਿੰਘ ਸੋਨੂੰ, ਗੁਰਸੇਵਕ ਸਿੰਘ ਮਾਨੀ ਸਿੰਘ ਵਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਇਨਸਾਫ਼ ਪਸੰਦ ਲੋਕ ਸ਼ਾਮਿਲ ਸਨ।