ਐਸ.ਡੀ.ਐਮ. ਅਤੇ ਫੂਡ ਸੇਫ਼ਟੀ ਵਿਭਾਗ ਦੀ ਟੀਮ ਵਲੋਂ ਗੋਦਾਮ ’ਚ ਛਾਪਾ
ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਤਿਉਹਾਰੀ ਸੀਜ਼ਨ ਦੌਰਾਨ ਮਠਿਆਈਆਂ ਦੀ ਮੰਗ ਵਧਣ ਦੇ ਨਾਲ ਹੀ ਮਿਲਾਵਟਖੋਰੀ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਨੂੰ ਲੈ ਕੇ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖ਼ਤੀ ਵਰਤੀ ਜਾ ਰਹੀ ਹੈ। ਇਸੇ ਤਹਿਤ ਅੱਜ ਐਸ.
ਸ
ਸ੍ਰੀ ਮੁਕਤਸਰ ਸਾਹਿਬ ਵਿਖੇ ਵੋਹਰਾ ਕਾਲੋਨੀ ਨੇੜਲੇ ਗੋਦਾਮ ਵਿਚ ਛਾਪੇ ਦੌਰਾਨ ਚੈਕਿੰਗ ਕਰਦੇ ਹੋਏ ਐਸ.ਡੀ.ਐਮ. ਗੁਰਕਿਰਨਦੀਪ ਸਿੰਘ ਸਿੱਧੂ, ਫੂਡ ਸੇਫ਼ਟੀ ਅਫ਼ਸਰ ਗਗਨਦੀਪ ਕੌਰ ਅਤੇ ਹੋਰ ਅਧਿਕਾਰੀ। ਅਜੀਤ ਤਸਵੀਰ
01-11-2026
ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਤਿਉਹਾਰੀ ਸੀਜ਼ਨ ਦੌਰਾਨ ਮਠਿਆਈਆਂ ਦੀ ਮੰਗ ਵਧਣ ਦੇ ਨਾਲ ਹੀ ਮਿਲਾਵਟਖੋਰੀ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਨੂੰ ਲੈ ਕੇ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖ਼ਤੀ ਵਰਤੀ ਜਾ ਰਹੀ ਹੈ। ਇਸੇ ਤਹਿਤ ਅੱਜ ਐਸ.ਡੀ.ਐਮ. ਗੁਰਕਿਰਨਦੀਪ ਸਿੰਘ ਸਿੱਧੂ ਖ਼ੁਦ ਫੂਡ ਸੇਫਟੀ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਬਾਗਵਾਲੀ ਗਲੀ ਦੇ ਅਖ਼ੀਰ ’ਤੇ ਸਥਿਤ ਵੋਹਰਾ ਕਾਲੋਨੀ ਨੇੜਲੇ ਇਕ ਗੋਦਾਮ ਵਿਖੇ ਚੈਕਿੰਗ ਕਰਨ ਪਹੁੰਚੇ। ਇਸ ਦੌਰਾਨ ਉਥੇ ਤਿਆਰ ਤੇ ਸਟੋਰ ਕੀਤੀਆਂ ਜਾ ਰਹੀਆਂ ਮਠਿਆਈਆਂ ਦੇ ਸੈਂਪਲ ਭਰੇ ਗਏ ਅਤੇ ਸਫ਼ਾਈ ਸਮੇਤ ਹੋਰ ਪ੍ਰਬੰਧਾਂ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਅਧਿਕਾਰੀਆਂ ਨੂੰ ਗੋਦਾਮ ਅੰਦਰ ਕਈ ਬੇਨਿਯਮੀਆਂ ਦੇਖਣ ਨੂੰ ਮਿਲੀਆਂ। ਮਠਿਆਈਆਂ ਸਟੋਰ ਕਰਨ ਲਈ ਵਰਤਿਆ ਜਾ ਰਿਹਾ ਕਮਰਾ ਬੰਦ ਸੀ ਅਤੇ ਉਥੇ ਏਅਰ ਕੰਡੀਸ਼ਨਰ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਅਧਿਕਾਰੀਆਂ ਅਨੁਸਾਰ ਕਮਰੇ ਵਿਚ ਰੱਖੀਆਂ ਮਠਿਆਈਆਂ ’ਚੋਂ ਖਟਾਸ ਤੇ ਬਦਬੂ ਆਉਣ ਦਾ ਖ਼ਦਸ਼ਾ ਹੋਣ ਕਾਰਨ ਉਨ੍ਹਾਂ ਦੇ ਸੈਂਪਲ ਲਏ ਗਏ। ਇਸ ਤੋਂ ਇਲਾਵਾ ਸਫ਼ਾਈ ਦੇ ਪ੍ਰਬੰਧ ਵੀ ਤਸੱਲੀਬਖ਼ਸ਼ ਨਹੀਂ ਸਨ। ਮਠਿਆਈਆਂ ਤੇ ਹੋਰ ਸਾਮਾਨ ਰੱਖੇ ਹਾਲਨੁਮਾ ਸਟੋਰ ਵਿਚ ਹੀ ਕਾਰੀਗਰ ਤੇ ਕਰਮਚਾਰੀ ਸੁੱਤੇ ਹੋਏ ਮਿਲੇ, ਜਦਕਿ ਮਸ਼ੀਨਾਂ ਉਪਰ ਉਨ੍ਹਾਂ ਦੇ ਕੱਪੜੇ ਵੀ ਟੰਗੇ ਹੋਏ ਸਨ। ਅਧਿਕਾਰੀਆਂ ਨੇ ਇਸ ਸਥਿਤੀ ਦਾ ਗੰਭੀਰ ਨੋਟਿਸ ਲੈਂਦਿਆਂ ਕਰਮਚਾਰੀਆਂ ਨੂੰ ਸਫ਼ਾਈ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਸਾਂਭ-ਸੰਭਾਲ ਸੰਬੰਧੀ ਸਖ਼ਤ ਹਦਾਇਤਾਂ ਦਿੱਤੀਆਂ। ਇਸ ਦੌਰਾਨ ਮਠਿਆਈਆਂ ਤਿਆਰ ਕਰਨ ਵਾਲੀ ਜਗ੍ਹਾ ਤੋਂ ਸੋਡੀਅਮ ਵੀ ਬਰਾਮਦ ਹੋਇਆ। ਫੂਡ ਸੇਫ਼ਟੀ ਵਿਭਾਗ ਦੀ ਅਧਿਕਾਰੀ ਗਗਨਦੀਪ ਕੌਰ ਅਨੁਸਾਰ ਇਸ ਦੀ ਵਰਤੋਂ ਮਠਿਆਈਆਂ ਨੂੰ ਕਰੰਚੀ ਬਣਾਉਣ ਲਈ ਕੀਤੀ ਜਾ ਰਹੀ ਸੀ , ਜਿਸ ਨੂੰ ਸਿਹਤ ਲਈ ਨੁਕਸਾਨਦੇਹ ਦੱਸਿਆ ਗਿਆ। ਵਿਭਾਗ ਵਲੋਂ ਮੌਕੇ ਤੋਂ ਰਸਗੁੱਲਿਆਂ ਤੇ ਗੁਲਾਬ ਜਾਮਨਾਂ ਦੇ ਦੋ ਸੈਂਪਲ ਭਰ ਕੇ ਜਾਂਚ ਲਈ ਭੇਜਣ ਦੀ ਕਾਰਵਾਈ ਕੀਤੀ ਗਈ। ਇਸ ਦੇ ਨਾਲ ਹੀ ਸਫ਼ਾਈ ਦੇ ਮਾੜੇ ਪ੍ਰਬੰਧਾਂ ਕਾਰਨ ਅਣਹਾਈਜੈਨਿਕ ਦਾ ਚਲਾਨ ਵੀ ਕੱਟਿਆ ਗਿਆ। ਮੌਕੇ ’ਤੇ ਮੌਜੂਦ ਐਸ.ਡੀ.ਐਮ. ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਇਹ ਚੈਕਿੰਗ ਮੁਹਿੰਮ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫ਼ਟੀ ਅਫ਼ਸਰ ਗਗਨਦੀਪ ਕੌਰ ਨੇ ਦੱਸਿਆ ਕਿ ਵੋਹਰਾ ਕਾਲੋਨੀ ਨੇੜਲੇ ਗੋਦਾਮ ਵਿਚ ਬੇਨਿਯਮੀਆਂ ਸੰਬੰਧੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਐਸ.ਡੀ.ਐਮ. ਦੀ ਅਗਵਾਈ ਹੇਠ ਇਹ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਤਿਉਹਾਰੀ ਸੀਜ਼ਨ ਦੌਰਾਨ ਹੁਣ ਤੱਕ ਜ਼ਿਲ੍ਹੇ ਵਿਚ ਕੁੱਲ 30 ਸੈਂਪਲ ਭਰੇ ਜਾ ਚੁੱਕੇ ਹਨ। ਅੱਜ ਦੀ ਕਾਰਵਾਈ ਦੌਰਾਨ ਦੋ ਸੈਂਪਲ ਲੈਣ ਦੇ ਨਾਲ-ਨਾਲ ਸਫ਼ਾਈ ਦੇ ਮਾਪਦੰਡਾਂ ਦੀ ਉਲੰਘਣਾ ਕਰਨ ’ਤੇ ਚਲਾਨ ਵੀ ਕੀਤਾ ਗਿਆ।