19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਜੈਤੋ-ਸ੍ਰੀ ਮੁਕਤਸਰ ਸਾਹਿਬ ਰੇਲਵੇ ਰੋਡ ਦਾ ਇਕ ਸਾਲ ਤੋਂ ਨਿਰਮਾਣ ਕਾਰਜ ਲਟਕਿਆ ਇੰਟਰਲਾਕ ਟਾਈਲਾਂ ਟੁੱਟਣ ਲੱਗੀਆਂ

ਜੈਤੋ, 19 ਨਵੰਬਰ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਰਫ਼ਤਾਰ ਅਤੇ ਨਿਰਮਾਣ ਕਾਰਜਾਂ ਦੀ ਗੁਣਵੱਤਾ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋਣ ਲੱਗ ਪਏ ਹਨ। ਜੈਤੋ ਸਿਵਲ ਹਸਪਤਾਲ, ਸਕੂਲ, ਕਾਲਜ ਤੇ ਸਰਕਾਰੀ ਬੈਂਕ, ਬੱਸ ਅੱਡੇ ਵਾਲੀ ਸ੍ਰੀ ਮੁਕਤਸਰ ਸਾਹਿਬ ਰੋਡ ਦਾ ਉਦਘਾਟਨ ਇਕ ਸਾਲ ਪਹਿਲਾਂ ਕੀਤਾ ਗਿਆ ਸੀ।

ਅਜੀਤ ਡੈਸਕ 20-11-2026
ਜੈਤੋ, 19 ਨਵੰਬਰ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਰਫ਼ਤਾਰ ਅਤੇ ਨਿਰਮਾਣ ਕਾਰਜਾਂ ਦੀ ਗੁਣਵੱਤਾ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋਣ ਲੱਗ ਪਏ ਹਨ। ਜੈਤੋ ਸਿਵਲ ਹਸਪਤਾਲ, ਸਕੂਲ, ਕਾਲਜ ਤੇ ਸਰਕਾਰੀ ਬੈਂਕ, ਬੱਸ ਅੱਡੇ ਵਾਲੀ ਸ੍ਰੀ ਮੁਕਤਸਰ ਸਾਹਿਬ ਰੋਡ ਦਾ ਉਦਘਾਟਨ ਇਕ ਸਾਲ ਪਹਿਲਾਂ ਕੀਤਾ ਗਿਆ ਸੀ। ਜਿਸ ਨੂੰ ਪੁਲਿਸ ਥਾਣਾ ਜੈਤੋ ਤੋਂ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਹੱਦ ਤੱਕ ਅਤੇ ਰੇਲਵੇ ਫ਼ਾਟਕ ਬਿਸਨੰਦੀ ਤੱਕ ਬਣਾਈ ਜਾ ਰਹੀ ਇੰਟਰਲਾਕ ਟਾਈਲਾਂ ਵਾਲੀ ਸੜਕ ਦਾ ਕੰਮ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ। ਸੜਕ ਨਿਰਮਾਣ ਵਿਚ ਵਰਤੀਆਂ ਗਈਆਂ ਇੰਟਰਲਾਕ ਟਾਈਲਾਂ ਦੀ ਗੁਣਵੱਤਾ ਨੂੰ ਲੈ ਕੇ ਵੀ ਸਵਾਲ ਉੱਠਣ ਲੱਗੇ ਹਨ। ਕਈ ਥਾਵਾਂ ਤੋਂ ਟਾਈਲਾਂ ਟੁੱਟਣ ਅਤੇ ਸੜਕ ਦਾ ਹਿੱਸਾ ਖਿੱਲਰਨ ਕਾਰਨ ਨਿਰਮਾਣ ਕਾਰਜ ਦੀ ਮਿਆਰੀ ਗੁਣਵੱਤਾ ਸਬੰਧੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਹਲਕਾ ਜੈਤੋ ਦੇ ਕਾਂਗਰਸ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਵਿਕਾਸ ਕਾਰਜਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪਿਛਲੇ ਸਾਲ ਦੇ ਅਖੀਰ ਵਿਚ ਮੌਜੂਦਾ ਵਿਧਾਇਕ ਵਲੋਂ ਕਰੀਬ ਦੋ ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਇੰਟਰਲਾਕ ਟਾਈਲਾਂ ਨਾਲ ਕਰਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਲੋਕਾਂ ਨੂੰ ਉਮੀਦ ਸੀ ਕਿ ਸੜਕ ਦਾ ਕੰਮ ਨਿਰਧਾਰਤ ਸਮੇਂ ਵਿਚ ਪੂਰਾ ਹੋਣ ਨਾਲ ਆਵਾਜਾਈ ਦੀ ਸਮੱਸਿਆ ਦਾ ਹੱਲ ਹੋਵੇਗਾ, ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਕੰਮ ਅਧੂਰਾ ਪਿਆ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਸ਼ਨ ਸਿੰਘ ਢਿੱਲਵਾਂ ਨੇ ਦੋਸ਼ ਲਗਾਇਆ ਕਿ ਸੜਕ ’ਤੇ ਲਗਾਈਆਂ ਗਈਆਂ ਇੰਟਰਲਾਕ ਟਾਈਲਾਂ ਦਾ ਲੈਵਲ ਇਕਸਾਰ ਨਹੀਂ ਹੈ ਅਤੇ ਵੱਖ-ਵੱਖ ਡਿਜ਼ਾਈਨਾਂ ਦੀਆਂ ਟਾਈਲਾਂ ਲਗਾਈਆਂ ਗਈਆਂ ਹਨ। ਉਨ੍ਹਾਂ ਅਨੁਸਾਰ ਸੜਕ ਦੀ ਉਸਾਰੀ ਨੂੰ ਅਜੇ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਕਿ ਟਾਈਲਾਂ ਟੁੱਟਣ ਅਤੇ ਆਪਣੀ ਥਾਂ ਤੋਂ ਖਿਸਕਣ ਲੱਗ ਪਈਆਂ ਹਨ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਕੋਚਰਾਂ ਦੀ ਚੱਕੀ ਦੇ ਬਿਲਕੁਲ ਸਾਹਮਣੇ ਵਾਲੇ ਹਿੱਸੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਥੇ ਠੇਕੇਦਾਰ ਵਲੋਂ ਬਣਾਈ ਗਈ ਸੜਕ ਖਿੱਲਰ ਚੁੱਕੀ ਹੈ। ਸੜਕ ਦੇ ਵੱਖ-ਵੱਖ ਹਿੱਸਿਆਂ ਵਿਚ ਕੰਮ ਦੀ ਇਕਸਾਰਤਾ ਨਾ ਹੋਣ ਅਤੇ ਕੁਝ ਥਾਵਾਂ ’ਤੇ ਨਿਰਮਾਣ ਕਾਰਜ ਅਧੂਰਾ ਰਹਿਣ ਕਾਰਨ ਲੋਕਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੜਕ ਬਣਾਉਣ ਦਾ ਮਕਸਦ ਲੋਕਾਂ ਨੂੰ ਬਿਹਤਰ ਸਹੂਲਤ ਦੇਣਾ ਹੁੰਦਾ ਹੈ, ਪਰ ਜੇਕਰ ਨਿਰਮਾਣ ਕਾਰਜ ਦੀ ਗੁਣਵੱਤਾ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਸਰਕਾਰੀ ਪੈਸੇ ਦੀ ਵਰਤੋਂ ਦਾ ਮਕਸਦ ਹੀ ਅਧੂਰਾ ਰਹਿ ਜਾਂਦਾ ਹੈ। ਕਾਂਗਰਸ ਆਗੂ ਨੇ ਪ੍ਰਸ਼ਾਸਨ ਅਤੇ ਸਬੰਧਿਤ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਕਿ ਸੜਕ ’ਤੇ ਵਰਤੀਆਂ ਗਈਆਂ ਇੰਟਰਲਾਕ ਟਾਈਲਾਂ ਦੇ ਮਿਆਰ, ਮੋਟਾਈ, ਮਜ਼ਬੂਤੀ ਅਤੇ ਲਗਾਉਣ ਦੇ ਤਰੀਕੇ ਦੀ ਮਾਹਿਰਾਂ ਦੀ ਟੀਮ ਤੋਂ ਤਕਨੀਕੀ ਜਾਂਚ ਕਰਵਾਈ ਜਾਵੇ। ਸੜਕ ਦੇ ਨਿਰਮਾਣ ਸਬੰਧੀ ਰਿਕਾਰਡ, ਕੰਮ ਦੀ ਗੁਣਵੱਤਾ ਅਤੇ ਠੇਕੇਦਾਰ ਵਲੋਂ ਕੀਤੇ ਗਏ ਕੰਮ ਦੀ ਜਾਂਚ ਕਰਕੇ ਜੇਕਰ ਕੋਈ ਖਾਮੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਧਿਰ ਵਿਰੁੱਧ ਕਾਰਵਾਈ ਕੀਤੀ ਜਾਵੇ। ਅਧੂਰੇ ਪਏ ਨਿਰਮਾਣ ਕਾਰਜ ਨੂੰ ਤੁਰੰਤ ਪੂਰਾ ਕਰਵਾਇਆ ਜਾਵੇ ਅਤੇ ਜਿਹੜੀਆਂ ਥਾਵਾਂ ਤੋਂ ਟਾਈਲਾਂ ਟੁੱਟੀਆਂ ਜਾਂ ਖਿੱਲਰੀਆਂ ਹਨ, ਉਨ੍ਹਾਂ ਦੀ ਮਿਆਰੀ ਢੰਗ ਨਾਲ ਮੁੜ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਵਾਰ-ਵਾਰ ਇਕੋ ਸੜਕ ਦੇ ਨਿਰਮਾਣ ਅਤੇ ਮੁਰੰਮਤ ਕਾਰਨ ਹੋਣ ਵਾਲੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ। ਇਸ ਮੌਕੇ ਰਣਬੀਰ ਪਾਵੰਰ, ਰਾਜਵਿੰਦਰ ਸਿੰਘ ਭੁੱਲਰ ਰੋੜੀਕਪੂਰਾ, ਸੱਤਾ ਭਾਊ ਕਸਮ ਭੱਟੀ, ਬਿ੍ਰਜ਼ ਕੁਮਾਰ ਕਵਾੜੀਆ, ਜਗਜੀਤ ਸਿੰਘ ਪ੍ਰਧਾਨ ਝੱਖੜਵਾਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰਾਤ ਸਮੇਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਵਲੋਂ ਵਿਸ਼ੇਸ਼ ਨਾਈਟ ਡੋਮੀਨੇਸ਼ਨ ਮੁਹਿੰਮ ਅਗਲੀ ਖ਼ਬਰ ਝੋਨੇ ਦੀ ਕਟਾਈ ਦਾ ਕੰਮ ਲਗਭਗ ਮੁਕੰਮਲ-ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।