21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੀ ਇਮਾਰਤ ਕਰੀਬ ਸਵਾ 4 ਕਰੋੜ ਰੁਪਏ 'ਚ ਨਿਲਾਮ <br/>

ਅਜੀਤ ਡੈਸਕ 31-01-2026
ਹੁਸ਼ਿਆਰਪੁਰ, 30 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨਗਰ ਦਾ ਸੁਧਾਰ ਕਰਨ ਵਾਲਾ ਹੁਸ਼ਿਆਰਪੁਰ ਦਾ ਨਗਰ ਸੁਧਾਰ ਟਰੱਸਟ ਅੱਜ ਆਪ ਹੀ ਨਿਲਾਮ ਹੋ ਗਿਆ | ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਦੀ ਅਦਾਲਤ ਦੇ ਹੁਕਮਾਂ 'ਤੇ ਅੱਜ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੀ ਇਮਾਰਤ ਵਾਲੀ 95 ਮਰਲੇ ਜ਼ਮੀਨ ਨੂੰ ਖੁੱਲ੍ਹੀ ਨਿਲਾਮੀ ਰਾਹੀਂ 4 ਕਰੋੜ 23 ਲੱਖ 80 ਹਜ਼ਾਰ ਰੁਪਏ 'ਚ ਵੇਚ ਦਿੱਤਾ ਗਿਆ | ਇਸ ਇਮਾਰਤ 'ਚ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਅਤੇ ਪੰਜਾਬ ਨੈਸ਼ਨਲ ਬੈਂਕ ਦਾ ਖੇਤਰੀ ਦਫ਼ਤਰ ਵੀ ਸਥਿਤ ਹਨ | ਇਥੇ ਦੱਸਣਯੋਗ ਹੈ ਕਿ ਇਹ ਮਾਮਲਾ ਸਾਲ 2010 ਨਾਲ ਸੰਬੰਧਿਤ ਹੈ, ਜਦੋਂ ਨਗਰ ਸੁਧਾਰ ਟਰੱਸਟ ਵਲੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨਜ਼ਦੀਕ ਡੀ.ਸੀ. ਰੋਡ 'ਤੇ ਸਥਿਤ 65 ਮਰਲੇ ਜ਼ਮੀਨ ਐਕੁਆਇਰ ਕੀਤੀ ਗਈ ਸੀ | ਇਸ ਉਪਰੰਤ ਜ਼ਮੀਨ ਮਾਲਕਾਂ ਸਤਪਾਲ ਸਾਹਨੀ, ਰਾਕੇਸ਼ ਧੀਰ ਅਤੇ ਵਿਜੈ ਰਾਣੀ ਨੇ ਮਿਲੀ ਰਾਸ਼ੀ ਨੂੰ ਨਾ-ਕਾਫ਼ੀ ਦੱਸਦਿਆਂ ਅਪ੍ਰੈਲ 2012 'ਚ ਅਦਾਲਤ ਦਾ ਦਰਵਾਜ਼ਾ ਖੜ੍ਹਕਾਇਆ ਅਤੇ ਦਿੱਤੇ ਗਏ ਮੁਆਵਜ਼ੇ ਦੀ ਰਾਸ਼ੀ 'ਚ ਵਾਧਾ ਕਰਨ ਦੀ ਮੰਗ ਕੀਤੀ ਸੀ | ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਮਾਰਚ 2023 'ਚ ਫ਼ੈਸਲਾ ਜ਼ਮੀਨ ਮਾਲਕਾਂ ਦੇ ਹੱਕ 'ਚ ਸੁਣਾਉਂਦਿਆਂ ਟਰੱਸਟ ਨੂੰ ਹੋਰ ਵਧੇਰੇ ਮੁਆਵਜ਼ਾ ਅਦਾ ਕਰਨ ਦੇ ਹੁਕਮ ਦਿੱਤੇ ਸਨ | ਟਰੱਸਟ ਵਲੋਂ ਮੁਆਵਜ਼ਾ ਅਦਾ ਨਾ ਕਰਨ 'ਤੇ ਜ਼ਮੀਨ ਮਾਲਕਾਂ ਨੇ 26 ਜੁਲਾਈ, 2023 ਨੂੰ 'ਐਕਜ਼ੀਕਿਊਸ਼ਨ' ਦਰਜ ਕਰਵਾਈ, ਜਿਸ ਤੋਂ ਬਾਅਦ 6 ਦਸੰਬਰ, 2025 ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਨੇ ਟਰੱਸਟ ਦੀ ਸੰਪੱਤੀ ਨੂੰ ਖੁੱਲ੍ਹੀ ਨਿਲਾਮੀ ਰਾਹੀਂ ਵੇਚ ਕੇ 7 ਕਰੋੜ 1 ਲੱਖ 88 ਹਜ਼ਾਰ 831 ਰੁਪਏ (ਵਧੇਰੇ ਮੁਆਵਜ਼ਾ, ਵਿਆਜ ਆਦਿ ਸਮੇਤ) ਦੀ ਵਸੂਲੀ ਦੇ ਹੁਕਮ ਦਿੱਤੇ ਸਨ | ਅਦਾਲਤ ਦੇ ਹੁਕਮਾਂ 'ਤੇ ਵੀਰਵਾਰ ਨੂੰ ਹੋਈ ਨਿਲਾਮੀ ਦੌਰਾਨ 95 ਮਰਲੇ ਵਿਚ ਫੈਲੀ ਨਗਰ ਸੁਧਾਰ ਟਰੱਸਟ ਦੀ ਇਮਾਰਤ ਸਭ ਤੋਂ ਉਚੀ ਬੋਲੀ ਲਗਾਉਣ ਵਾਲੇ ਨੂੰ 4 ਕਰੋੜ 23 ਲੱਖ 80 ਹਜ਼ਾਰ ਰੁਪਏ 'ਚ ਵੇਚ ਦਿੱਤੀ ਗਈ | ਇਸ ਜ਼ਮੀਨ ਦੀ ਰਾਖਵੀਂ ਕੀਮਤ 4.20 ਕਰੋੜ ਰੁਪਏ ਤੈਅ ਕੀਤੀ ਗਈ ਸੀ | ਜ਼ਮੀਨ ਮਾਲਕਾਂ ਦੇ ਵਕੀਲ ਅਜੈ ਚੋਪੜਾ ਨੇ ਨਿਲਾਮੀ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ਰੀਦਦਾਰ ਵਲੋਂ 25 ਫ਼ੀਸਦੀ ਰਕਮ ਮੌਕੇ 'ਤੇ ਜਮ੍ਹਾਂ ਕਰਵਾ ਦਿੱਤੀ ਗਈ ਹੈ ਅਤੇ ਬਾਕੀ ਰਕਮ 15 ਦਿਨਾਂ 'ਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ | ਉਪਰੰਤ ਇਸ ਸੰਬੰਧੀ ਸੇਲ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ | ਇਸ ਸੰਬੰਧੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਅਪੀਲ ਕੀਤੀ ਹੋਈ ਹੈ |


ਪਿਛਲੀ ਖ਼ਬਰ ਮੁੱਖ ਮੰਤਰੀ ਨੇ ਨਵੇਂ ਭਰਤੀ ਹੋਏ 916 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ <br/> ਅਗਲੀ ਖ਼ਬਰ ਬੰਗਲਾਦੇਸ਼ ਤੋਂ ਪਾਕਿ ਲਈ ਸਿੱਧੀਆਂ ਉਡਾਣਾਂ 14 ਸਾਲਾਂ ਬਾਅਦ ਮੁੜ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।