20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ ਈ. ਡੀ. ਅਧਿਕਾਰੀ ਦਾ ਤਬਾਦਲਾ <br/>

ਅਜੀਤ ਡੈਸਕ 14-02-2026

ਦਿਨੇਸ਼ ਪਰੂਚੁਰੀ ਨਵੇਂ ਵਧੀਕ ਡਾਇਰੈਕਟਰ ਬਣੇ
ਜਲੰਧਰ, 13 ਫਰਵਰੀ (ਸ਼ਿਵ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੇ ਇਕ ਪੁਰਾਣੇ ਕੇਸ ਵਿਚ ਸੰਮਨ ਭੇਜ ਕੇ ਤਲਬ ਕਰਨ ਵਾਲੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਜਲੰਧਰ ਦਫ਼ਤਰ ਦੇ ਵਧੀਕ ਡਾਇਰੈਕਟਰ ਰਵੀ ਤਿਵਾੜੀ ਦਾ ਤਬਾਦਲਾ ਚੇਨਈ ਕਰ ਦਿੱਤਾ ਗਿਆ ਹੈ | ਸਾਬਕਾ ਮੁੱਖ ਮੰਤਰੀ ਨੂੰ ਭੇਜੇ ਗਏ ਸੰਮਨ ਦਾ ਮਾਮਲਾ ਸਿਆਸੀ ਹਲਕਿਆਂ ਵਿਚ ਤੂਲ ਫੜਨ ਤੋਂ ਬਾਅਦ ਮਾਮਲੇ ਵਿਚ ਕੇਂਦਰ ਸਰਕਾਰ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ | ਕੁਝ ਦਿਨ ਪਹਿਲਾਂ ਹੀ ਈ. ਡੀ. ਵਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੂੰ ਫੇਮਾ ਦੇ ਇਕ ਪੁਰਾਣੇ ਕੇਸ ਵਿਚ ਪੁੱਛਗਿੱਛ ਲਈ ਪੇਸ਼ ਹੋਣ ਲਈ ਸੰਮਨ ਭੇਜੇ ਗਏ ਸੀ | ਸਾਬਕਾ ਮੁੱਖ ਮੰਤਰੀ ਨੂੰ ਸੰਮਨ ਭੇਜੇ ਜਾਣ 'ਤੇ ਸਿਆਸੀ ਹਲਕਿਆਂ ਵਿਚ ਭਾਰੀ ਹਲਚਲ ਹੋਈ ਸੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਮੁਹਾਲੀ ਦੇ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਹੇ ਸਨ, ਜਿਨ੍ਹਾਂ ਦੇ ਗੋਡੇ ਦਾ ਆਪ੍ਰੇਸ਼ਨ ਹੋਇਆ ਸੀ | ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਬੇਟੇ ਨੂੰ ਸੰਮਨ ਭੇਜੇ ਜਾਣ 'ਤੇ ਭਾਜਪਾ ਆਗੂਆਂ ਲਈ ਵੀ ਪ੍ਰੇਸ਼ਾਨੀ ਖੜੀ ਹੋ ਗਈ ਸੀ | ਰਵੀ ਤਿਵਾੜੀ ਦੀ ਜਿਥੇ ਚੇਨਈ ਬਦਲੀ ਕੀਤੀ ਗਈ ਹੈ ਤਾਂ ਉਨ੍ਹਾਂ ਦੀ ਥਾਂ 'ਤੇ ਹੁਣ ਆਈ. ਆਰ. ਐਸ. ਦਿਨੇਸ਼ ਪਰੂਚੁਰੀ ਨੂੰ ਨਵਾਂ ਵਧੀਕ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ | ਸਾਬਕਾ ਮੁੱਖ ਮੰਤਰੀ ਨੂੰ ਈ. ਡੀ. ਵਲੋਂ ਜਾਰੀ ਸੰਮਨ ਨੂੰ ਉਸ ਸੰਦਰਭ ਵਿਚ ਵੀ ਦੇਖੇ ਜਾਣ ਦੀ ਸਿਆਸੀ ਹਲਕਿਆਂ ਵਿਚ ਚਰਚਾ ਸ਼ੁਰੂ ਹੋ ਗਈ ਸੀ ਕਿ ਉਹ ਕਾਂਗਰਸ ਵਿਚ ਜਾ ਸਕਦੇ ਹਨ, ਜਦਕਿ ਉਨ੍ਹਾਂ ਦੀ ਬੇਟੀ ਅਤੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਸਪਸ਼ਟ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਭਾਜਪਾ ਵਿਚ ਹੀ ਰਹਿਣਗੇ, ਜਦਕਿ ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਭੇਜਣ ਤੋਂ ਬਾਅਦ ਕਾਂਗਰਸ ਵੀ ਸਰਗਰਮ ਹੋ ਗਈ ਸੀ ਤਾਂ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਵੀ ਸਾਬਕਾ ਮੁੱਖ ਮੰਤਰੀ ਨੂੰ ਕਾਂਗਰਸ ਵਿਚ ਵਾਪਸੀ ਦੀ ਪੇਸ਼ਕਸ਼ ਕਰ ਦਿੱਤੀ ਸੀ | ਉਧਰ, ਇਸ ਸੰਮਨ ਦੇ ਜਾਰੀ ਹੋਣ ਤੋਂ ਬਾਅਦ ਭਾਜਪਾ ਆਗੂ ਵੀ ਸਰਗਰਮ ਹੋ ਗਏ ਸਨ, ਜਿਸ ਦੇ ਚਲਦਿਆਂ ਪੰਜਾਬ ਭਾਜਪਾ ਦੇ ਜਥੇਬੰਦਕ ਜਨਰਲ ਸਕੱਤਰ ਮੰਥਰੀ ਸ੍ਰੀ ਨਿਵਾਸਲੂ ਅਤੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹਸਪਤਾਲ ਜਾ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ | ਇਸ ਤੋਂ ਬਾਅਦ ਹੀ ਅੱਜ ਕੇਂਦਰੀ ਵਿੱਤ ਮੰਤਰਾਲੇ ਵਲੋਂ ਈ. ਡੀ. ਅਧਿਕਾਰੀ ਦੀ ਬਦਲੀ ਕੀਤੀ ਗਈ ਹੈ |

ਪਿਛਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਵਰਕਿੰਗ ਕਮੇਟੀ ਮੈਂਬਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਇਕੱਤਰਤਾਵਾਂ 17 ਫਰਵਰੀ ਨੂੰ... ਅਗਲੀ ਖ਼ਬਰ ਪਤਨੀ ਤੇ 4 ਸਾਲ ਦੇ ਮਾਸੂਮ ਪੁੱਤ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਵੀ ਮਾਰੀ ਗੋਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।