ਚੌਲ ਮਿੱਲਰਾਂ ਦੇ ਵਫ਼ਦ ਵਲੋਂ ਕੇਂਦਰੀ ਖ਼ੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ <br/>
ਅਜੀਤ ਡੈਸਕ
14-02-2026
ਕੁੱਲਗੜ੍ਹੀ, 13 ਫਰਵਰੀ (ਸੁਖਜਿੰਦਰ ਸਿੰਘ ਸੰਧੂ)-ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਬਿੰਟਾ ਦੀ ਅਗਵਾਈ ਹੇਠ ਚੌਲ ਮਿੱਲਰਾਂ ਦੇ ਇਕ ਵਫ਼ਦ ਨੇ ਕੇਂਦਰੀ ਉਪਭੋਗਤਾ ਮਾਮਲੇ, ਖਾਦ ਅਤੇ ਸਰਕਾਰੀ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ | ਵਫ਼ਦ ਨੇ ਚੱਲ ਰਹੇ ਖ਼ਰੀਦ ਸੀਜ਼ਨ ਦੌਰਾਨ ਚੌਲ ਮਿੱਲਰਾਂ ਨੂੰ ਦਰਪੇਸ਼ ਅਹਿਮ ਮੁੱਦਿਆਂ ਤੋਂ ਮੰਤਰੀ ਨੂੰ ਜਾਣੂ ਕਰਵਾਇਆ | ਇਹ ਮੁਲਾਕਾਤ ਭਾਜਪਾ ਦੇ ਰਾਸ਼ਟਰੀ ਮਹਾਂ ਮੰਤਰੀ ਤਰੁਣ ਚੁੱਘ ਅਤੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੀ ਹਾਜ਼ਰੀ ਵਿਚ ਹੋਈ, ਜਿਨ੍ਹਾਂ ਨੇ ਪੰਜਾਬ ਦੀ ਰਾਈਸ ਇੰਡਸਟਰੀ ਨਾਲ ਜੁੜੇ ਮੁੱਦਿਆਂ ਨੂੰ ਤਰਜੀਹ ਦੇ ਆਧਾਰ 'ਤੇ ਹੱਲ ਕਰਨ ਦੀ ਸਿਫ਼ਾਰਸ਼ ਕੀਤੀ | ਬਿੰਟਾ ਨੇ ਮੰਤਰੀ ਨੂੰ ਪੰਜਾਬ ਵਿਚ ਚੌਲ ਦੀ ਭਾਰੀ ਭੰਡਾਰਨ ਕਮੀ ਬਾਰੇ ਜਾਣਕਾਰੀ ਦਿੰਦਿਆਂ ਬੇਨਤੀ ਕੀਤੀ ਕਿ ਰਾਜ ਤੋਂ ਹਰ ਮਹੀਨੇ ਚੌਲ ਦੀ ਢੁਆਈ 10 ਲੱਖ ਮੀਟਰਿਕ ਟਨ (ਐਲ.ਐਮ.ਟੀ) ਤੱਕ ਵਧਾਈ ਜਾਵੇ ਤਾਂ ਜੋ ਮਿੱਲਰਾਂ 'ਤੇ ਪੈ ਰਹੇ ਦਬਾਅ ਨੂੰ ਘਟਾਇਆ ਜਾ ਸਕੇ | ਉਨ੍ਹਾਂ ਇਹ ਵੀ ਦਰਸਾਇਆ ਕਿ ਫੋਰਟੀਫਾਈਡ ਰਾਈਸ ਕਰਨਲ (ਐਫ.ਆਰ.ਕੇ.) ਦੀ ਅਧੂਰੀ ਸਪਲਾਈ ਕਾਰਨ ਮਿਲਿੰਗ ਪ੍ਰਕਿਰਿਆ ਵਿਚ ਦੇਰੀ ਆ ਰਹੀ ਹੈ ਅਤੇ ਕੇਂਦਰ ਸਰਕਾਰ 25 ਲੱਖ ਮੀਟਰਿਕ ਟਨ ਗੈਰ-ਐਫ.ਆਰ.ਕੇ. ਚੌਲ ਦੀ ਡਿਲੀਵਰੀ ਸਵੀਕਾਰ ਕਰੇ ਤਾਂ ਜੋ ਪ੍ਰਕਿਰਿਆ ਸੁਚਾਰੂ ਬਣ ਸਕੇ | ਵਫ਼ਦ ਵਲੋਂ ਇਹ ਵੀ ਮੰਗ ਉਠਾਈ ਗਈ ਕਿ ਗੁਣਵੱਤਾ ਜਾਂਚ ਵਿਚ ਪਾਰਦਰਸ਼ਤਾ ਅਤੇ ਕੁਸ਼ਲਤਾ ਯਕੀਨੀ ਬਣਾਉਣ ਲਈ ਸਾਰੇ ਗੁਦਾਮਾਂ ਵਿਚ ਏ.ਆਈ. ਆਧਾਰਿਤ ਆਟੋਮੈਟਿਕ ਅਨਾਜ ਵਿਸ਼ਲੇਸ਼ਕ ਮਸ਼ੀਨਾਂ ਤੁਰੰਤ ਲਗਾਈਆਂ ਜਾਣ | ਉਨ੍ਹਾਂ ਐਫ.ਸੀ.ਆਈ. ਚੰਡੀਗੜ੍ਹ ਦਫ਼ਤਰ ਦੇ ਡੀ.ਜੀ.ਐਮ. ਵਲੋਂ ਚੌਲ ਢੁਆਈ ਦੇ ਅਲਾਟਮੈਂਟ ਵਿਚ ਕਥਿਤ ਗੜਬੜੀਆਂ 'ਤੇ ਸ਼ੰਕਾ ਜਤਾਈ | ਬਿੰਟਾ ਨੇ ਕਿਹਾ ਕਿ ਭੰਡਾਰਨ ਦੀ ਕਮੀ ਕਾਰਨ ਮਿੱਲਰਾਂ ਨੂੰ ਦੂਰ-ਦਰਾਜ਼ ਸਥਾਨਾਂ ਅਤੇ ਹੋਰ ਰਾਜਾਂ ਵਿਚ ਚੌਲ ਭੇਜਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਦਕਿ ਉਨ੍ਹਾਂ ਨੂੰ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਵਲੋਂ ਭਾੜੇ ਦੀ ਰਕਮ ਨਹੀਂ ਦਿੱਤੀ ਜਾ ਰਹੀ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਮਿੱਲਰਾਂ ਤੋਂ ਧੱਕੇ ਨਾਲ ਹਲਫ਼ਨਾਮੇ ਲਏ ਜਾ ਰਹੇ ਹਨ ਕਿ ਉਹ ਭਾੜਾ ਕਲੇਮ ਨਹੀਂ ਕਰਨਗੇ | ਸਾਰੀਆਂ ਸਮੱਸਿਆ ਗੰਭੀਰਤਾ ਨਾਲ ਸੁਣਨ ਉਪਰੰਤ ਕੇਂਦਰੀ ਮੰਤਰੀ ਨੇ ਭਰੋਸਾ ਦਿਵਾਇਆ ਕਿ ਪੰਜਾਬ ਤੋਂ ਚੌਲ ਦੀ ਢੁਆਈ ਜਲਦ ਵਧਾਈ ਜਾਵੇਗੀ |