ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਦੇ ਦੂਜੇ ਪੜਾਅ ਦੀ ਸ਼ੁਰੂਆਤ ਲਈ ਸਮਾਗਮ ਵਿਚ 'ਵਿਲੇਜ਼ ਡਿਫੈਂਸ ਕਮੇਟੀਆਂ' ਅਤੇ 'ਵਾਰਡ ਡਿਫੈਂਸ ਕਮੇਟੀਆਂ' ਦੇ ਹੋਣਗੇ ਸਵਾ ਲੱਖ ਮੈਂਬਰ ਸ਼ਾਮਿਲ
ਸ਼ਮਸ਼ੇਰ ਸਿੰਘ ਗਾਲਿਬ
ਜਗਰਾਉਂ, 14 ਫਰਵਰੀ-ਪੰਜਾਬ ਸਰਕਾਰ 'ਯੁੱਧ ਨਸ਼ਿਆਂ ਵਿਰੁੱਧ' ਦੇ ਦੂਜੇ ਗੇੜ ਦੀ ਸ਼ੁਰੂਆਤ 16 ਫਰਵਰੀ ਤੋਂ ਮੋਗਾ-ਲੁਧਿਆਣਾ ਹੱਦ 'ਤੇ ਵੱਸੇ ਪਿੰਡ ਕਿੱਲੀ ਚਾਹਲਾਂ ਤੋਂ ਕਰ ਰਹੀ ਹੈ | ਇਸ ਵਿਚ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਪਿੰਡਾਂ ਤੇ ਸ਼ਹਿਰਾਂ 'ਚ ਬਣੀਆਂ 'ਵਿਲੇਜ਼ ਡਿਫੈਂਸ ਕਮੇਟੀਆਂ' ਅਤੇ 'ਵਾਰਡ ਡਿਫੈਂਸ ਕਮੇਟੀਆਂ' ਦੇ ਤਕਰੀਬਨ ਸਵਾ ਲੱਖ ਮੈਂਬਰ ਸ਼ਾਮਿਲ ਹੋਣਗੇ | ਜ਼ਿਕਰਯੋਗ ਹੈ ਕਿ ਫਿਰੋਜ਼ਪੁਰ-ਲੁਧਿਆਣਾ ਮੁੱਖ ਮਾਰਗ 'ਤੇ ਪੈਂਦਾ ਨਗਰ ਕਿੱਲੀ ਚਾਹਲਾਂ ਰਾਜਸੀ ਪਾਰਟੀਆਂ ਦਾ ਤਿੰਨ ਦਹਾਕਿਆਂ ਤੋਂ ਗੜ੍ਹ ਬਣਿਆ ਹੋਇਆ ਹੈ, ਪਾਰਟੀਆਂ ਇਸ ਨੂੰ ਸੱਤਾ ਪਰਿਵਰਤਨ ਵਜੋਂ ਸ਼ੁੱਭ ਮੰਨਦੀਆਂ ਹਨ | ਆਮ ਆਦਮੀ ਪਾਰਟੀ ਨੇ ਵੀ ਸਾਰੇ ਪੰਜਾਬ ਦੇ ਮੱਧ 'ਚ ਪੈਣ ਕਰਕੇ ਇਸ ਥਾਂ ਦੀ ਚੋਣ ਕੀਤੀ ਹੈ | ਅਕਾਲੀ ਦਲ ਨੇ ਮੋਗਾ ਜ਼ਿਲ੍ਹੇ 'ਚੋਂ ਰੈਲੀਆਂ ਦੀ ਸ਼ੁਰੂਆਤ ਕਰਕੇ ਕਈ ਵਾਰ ਜਿੱਤ ਦਰਜ ਕੀਤੀ ਸੀ | ਪਹਿਲਾਂ 1995 'ਚ ਅਕਾਲੀ ਦਲ ਨੇ ਮੋਗਾ ਵਿਖੇ ਪਾਰਟੀ ਦੀ 75ਵੀਂ ਵਰ੍ਹੇਗੰਢ ਮਨਾਈ ਸੀ ਅਤੇ 1997 'ਚ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਬਣੀ | ਦੁਬਾਰਾ 2006 'ਚ 8 ਦਸੰਬਰ ਨੂੰ ਕਿੱਲੀ ਚਾਹਲਾਂ ਵਾਲੀ ਜਗ੍ਹਾ 'ਤੇ ਉਸ ਸਮੇਂ ਪਾਰਟੀ ਪ੍ਰਧਾਨ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਕਿੱਲੀ ਚਾਹਲਾਂ ਜਗ੍ਹਾ ਦੀ ਚੋਣ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕੀਤੀ ਸੀ ਅਤੇ ਫਿਰ 2008 'ਚ ਅਕਾਲੀ ਦਲ ਦੀ ਸਰਕਾਰ ਬਣੀ ਸੀ | 2011 'ਚ ਫਿਰ ਇਸੇ ਜਗ੍ਹਾ ਅਕਾਲੀ ਦਲ ਨੇ 8 ਦਸੰਬਰ ਨੂੰ ਰੈਲੀ ਕਰਕੇ ਦੁਬਾਰਾ ਸਰਕਾਰ 2012 'ਚ ਬਣਾਈ | ਇਸੇ ਤਰ੍ਹਾਂ 2016 'ਚ ਫਿਰ ਅਕਾਲੀ ਦਲ ਨੇ ਇਥੇ ਸਟੇਜ਼ ਦੀ ਦਿਸ਼ਾ ਬਦਲਕੇ ਕਿੱਲੀ ਚਾਹਲਾਂ ਰੈਲੀ ਕੀਤੀ ਪਰ 2015 'ਚ ਬੇਅਦਬੀ ਦੀਆਂ ਘਟਨਾਵਾਂ ਨੇ ਅਕਾਲੀ ਦਲ ਦੀ ਹਰਮਨਪਿਆਰਤਾ 'ਤੇ ਵੱਡਾ ਅਸਰ ਪਾਇਆ | ਅਕਾਲੀ ਦਲ ਦੀ ਰੈਲੀ 'ਚ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਦੇਸ਼ ਦੇ ਕੇਂਦਰੀ ਮੰਤਰੀਆਂ ਸਣੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਸ਼ਾਮਿਲ ਹੁੰਦੇ ਰਹੇ | ਕੈਪਟਨ ਅਮਰਿੰਦਰ ਸਿੰਘ ਨੇ ਵੀ ਮੁੱਖ ਮੰਤਰੀ ਹੁੰਦਿਆਂ 7 ਮਾਰਚ 2019 ਨੂੰ ਕਿੱਲੀ ਚਾਹਲਾਂ ਰੈਲੀ ਕੀਤੀ ਸੀ, ਜਿਸ ਵਿਚ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਸਣੇ ਕਈ ਸੂਬਿਆਂ ਦੇ ਮੁੱਖ ਮੰਤਰੀ ਅਤੇ ਸੀਨੀਅਰ ਰਾਜਸੀ ਆਗੂ ਸ਼ਾਮਿਲ ਹੋਏ ਸਨ | 2019 'ਚ ਲੋਕ ਸਭਾ ਦੀਆਂ ਚੋਣਾਂ 'ਚ ਕਾਂਗਰਸ ਦੇ 8 ਲੋਕ ਸਭਾ ਮੈਂਬਰ ਪੰਜਾਬ ਤੋਂ ਜਿੱਤੇ ਸਨ | ਅਕਾਲੀ ਦਲ ਤੋਂ ਵੱਖ ਹੋ ਕੇ ਮਨਪ੍ਰੀਤ ਸਿੰਘ ਬਾਦਲ ਨੇ ਵੱਖਰੀ ਪੰਜਾਬ ਪੀਪਲਜ਼ ਆਫ਼ ਪਾਰਟੀ ਬਣਾ ਕੇ 2016 'ਚ ਕਿੱਲੀ ਚਾਹਲਾਂ ਵਿਚ ਵਿਸ਼ਾਲ ਰੈਲੀ ਕੀਤੀ ਸੀ | ਅਕਾਲੀ ਦਲ ਨੇ ਫਿਰ 14 ਦਸੰਬਰ, 2021 ਨੂੰ ਅਕਾਲੀ ਦਲ ਅਤੇ ਬਸਪਾ ਨਾਲ ਮਿਲਕੇ ਕਿੱਲੀ ਚਾਹਲਾਂ ਰੈਲੀ ਕੀਤੀ ਸੀ | ਹੁਣ ਉਸੇ ਜਗ੍ਹਾ 'ਤੇ ਆਮ ਆਦਮੀ ਪਾਰਟੀ ਵਲੋਂ ਕਿੱਲੀ ਚਾਹਲਾਂ ਵਿਖੇ 16 ਫਰਵਰੀ ਨੂੰ ਵਿਸ਼ਾਲ ਇਕੱਤਰਤਾ ਕੀਤੀ ਜਾ ਰਹੀ ਹੈ | ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਵੀ ਇਸ ਜਗ੍ਹਾ ਨੂੰ ਸ਼ੁਭ ਮੰਨ ਕੇ ਪਿਛਲੀਆਂ ਸਾਰੀਆਂ ਰੈਲੀਆਂ ਤੋਂ ਵੱਡਾ ਇਕੱਠ ਕਰ ਰਹੀ ਹੈ | 85 ਏਕੜ 'ਚ ਵਿਸ਼ਾਲ ਪੰਡਾਲ ਸਜ ਰਿਹਾ ਹੈ | ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਦੂਜ਼ੇ ਗੇੜ ਦੇ ਇਸ ਇਕੱਠ 'ਚ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਣੇ ਸਾਰੀ ਲੀਡਰਸ਼ਿੱਪ ਪਹੁੰਚ ਰਹੀ ਹੈ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਹ 2027 ਵਿਧਾਨ ਸਭਾ ਚੋਣਾ ਦਾ ਬਿਗਲ ਹੈ | ਭਾਜਪਾ ਨੇ ਵੀ ਦਸੰਬਰ 2025 'ਚ ਐਲਾਨ ਕੀਤਾ ਸੀ ਕਿ 22-23 ਫਰਵਰੀ ਨੂੰ ਮੋਗਾ ਵਿਖੇ ਵਿਸ਼ਾਲ ਰੈਲੀ ਕਰਨਗੇ, ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਸਣੇ ਭਾਜਪਾ ਦੇ ਵੱਡੇ ਆਗੂ ਸ਼ਾਮਿਲ ਹੋਣਗੇ ਪਰ ਭਾਜਪਾ ਨੇ ਇਹ ਰੈਲੀ ਕੁਝ ਸਮੇਂ ਲਈ ਅੱਗੇ ਪਾ ਦਿੱਤੀ ਹੈ | 'ਆਪ' ਦੇ ਮਾਲਵਾ ਜ਼ੋਨ ਦੇ ਵਾਈਸ ਕੋਆਰਡੀਨੇਟਰ ਮਨਜੀਤ ਸਿੰਘ ਰਾਏਕੋਟ ਅਤੇ ਲੁਧਿਆਣਾ ਦੇ ਕੋਆਰਡੀਨੇਟਰ ਬਿਕਰਮਜੀਤ ਸਿੰਘ ਥਿੰਦ ਨੇ ਕਿਹਾ ਕਿ ਪਹਿਲੀਆਂ ਹੋਈਆਂ ਰਾਜਸੀ ਪਾਰਟੀਆਂ ਤੋਂ ਇਹ ਵੱਡਾ ਪੰਡਾਲ ਹੋਵੇਗਾ | ਇਥੋਂ ਨਸ਼ਿਆਂ ਵਿਰੁੱਧ ਦੂਜੇ ਗੇੜ ਦੀ ਮੁਹਿੰਮ ਸ਼ੁਰੂਆਤ ਕਰਕੇ ਸਾਰੇ ਮੈਂਬਰਾਂ ਨੂੰ ਸਹੁੰ ਚੁੱਕਾ ਕੇ ਪੰਜਾਬ ਦੇ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਨਸ਼ਿਆਂ ਖ਼ਿਲਾਫ਼ ਮੁਹਿੰਮ ਤੇਜ਼ ਕੀਤੀ ਜਾਵੇਗੀ |
ਅਕਾਲੀ ਦਲ ਤੇ ਕਾਂਗਰਸ ਦੀ ਤਰਜ਼ 'ਤੇ ਆਮ ਆਦਮੀ ਪਾਰਟੀ ਨੇ ਵਿਸ਼ਾਲ ਇਕੱਠ ਲਈ ਮੋਗਾ ਜ਼ਿਲ੍ਹੇ ਦੇ ਨਗਰ ਕਿੱਲੀ ਚਾਹਲਾਂ ਨੂੰ ਚੁਣਿਆ
ਅਜੀਤ ਡੈਸਕ
15-02-2026