ਤਰੁਣ ਚੁੱਘ ਵਲੋਂ ਪੰਜਾਬ ਦੀ ਤਰੱਕੀ ਤੇ ਸੁਰੱਖਿਆ ਦੀ ਬਹਾਲੀ ਲਈ 'ਡਬਲ ਇੰਜਣ' ਸਰਕਾਰ ਬਣਾਉਣ ਦੀ ਅਪੀਲ
ਚੰਡੀਗੜ੍ਹ, 14 ਫਰਵਰੀ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਚੰਡੀਗੜ੍ਹ ਵਿਚ 'ਪੰਜਾਬੀ ਡਾਇਸਪੋਰਾ ਮੀਟ' ਸਿਰਲੇਖ ਹੇਠ ਐਨ.ਆਰ.ਆਈ. ਸਮਾਗਮ ਕਰਵਾਇਆ ਗਿਆ | ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਾਰਜਕਾਰੀ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬੀ ਪ੍ਰਵਾਸੀ ਭਾਈਚਾਰੇ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਪੰਜਾਬ ਅਤੇ ਭਾਰਤ ਨੂੰ ਵਿਸ਼ਵ ਪੱਧਰ 'ਤੇ ਮਾਣ-ਮਰਿਆਦਾ ਦਿਵਾਉਣ ਵਿਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿਚ ਵੱਸਦੇ ਪੰਜਾਬੀ ਹਮੇਸ਼ਾ ਆਪਣੀ ਮਾਂ-ਭੂਮੀ ਦੀ ਰੂਹ ਨੂੰ ਆਪਣੇ ਦਿਲ ਵਿਚ ਸੰਭਾਲ ਕੇ ਰੱਖਦੇ ਹਨ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਹੇਠ ਭਾਰਤ ਦੀ ਵਿਸ਼ਵ ਪੱਧਰੀ ਪਹੁੰਚ ਅਤੇ ਸਨਮਾਨ ਵਿਚ ਕਾਫ਼ੀ ਵਾਧਾ ਹੋਇਆ ਹੈ, ਜਿਸ ਨਾਲ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਦੀ ਇੱਜ਼ਤ ਵਧੀ ਹੈ | ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦਾ ਉਦੇਸ਼ ਪੰਜਾਬ ਦੇ ਵਿਕਾਸ ਸੰਬੰਧੀ ਐਨ.ਆਰ.ਆਈ. ਭਾਈਚਾਰੇ ਦੀਆਂ ਚਿੰਤਾਵਾਂ ਅਤੇ ਸੁਝਾਵਾਂ ਨੂੰ ਸੁਣਨਾ ਹੈ | ਨਸ਼ਿਆਂ, ਕਾਨੂੰਨ-ਵਿਵਸਥਾ ਅਤੇ ਆਰਥਿਕ ਮੰਦੀ ਵਰਗੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਸ਼ਰਮਾ ਨੇ ਪ੍ਰਵਾਸੀ ਭਾਈਚਾਰੇ ਨੂੰ ਪੰਜਾਬ ਦੀ ਖ਼ੁਸ਼ਹਾਲੀ ਦੇ ਪੁਨਰ-ਨਿਰਮਾਣ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਅਪੀਲ ਕੀਤੀ | ਉਨ੍ਹਾਂ ਦੁਹਰਾਇਆ ਕਿ ਭਾਜਪਾ ਸਰਹੱਦੀ ਰਾਜ ਪੰਜਾਬ ਵਿਚ ਏਕਤਾ, ਅਮਨ, ਸੁਰੱਖਿਆ ਅਤੇ ਸਮਾਵੇਸੀ ਵਿਕਾਸ ਯਕੀਨੀ ਬਣਾਉਣ ਲਈ ਵਚਨਬੱਧ ਹੈ ਤਾਂ ਜੋ ਪੰਜਾਬ ਦੀ ਸ਼ਾਨ ਮੁੜ ਕਾਇਮ ਕੀਤੀ ਜਾ ਸਕੇ | ਸੈਸ਼ਨ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਭਾਜਪਾ ਸਰਕਾਰ ਐਨ.ਆਰ.ਆਈ. ਦੇ ਪਾਸਪੋਰਟ ਦੇ ਰੰਗ ਨੂੰ ਨਹੀਂ, ਸਗੋਂ ਉਨ੍ਹਾਂ ਦੇ 'ਭਾਰਤੀ ਡੀ.ਐਨ.ਏ.' ਨੂੰ ਮਹੱਤਵ ਦਿੰਦੀ ਹੈ, ਜੋ ਉਨ੍ਹਾਂ ਨੂੰ ਆਪਣੀ ਮਾਂ-ਭੂਮੀ ਨਾਲ ਜੋੜਦਾ ਹੈ | ਉਨ੍ਹਾਂ ਕਿਹਾ ਕਿ 26 ਮਈ, 2014 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਹੇਠ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਮੁੱਖ ਅਰਥਵਿਵਸਥਾਵਾਂ ਵਿਚ ਸ਼ਾਮਿਲ ਹੋਇਆ ਹੈ ਅਤੇ ਵਿਸ਼ਵ ਪੱਧਰ 'ਤੇ ਮਾਣ ਪ੍ਰਾਪਤ ਕੀਤਾ ਹੈ | ਚੁੱਘ ਨੇ ਕਿਹਾ ਕਿ ਪੰਜਾਬ ਨੂੰ ਸਥਿਰ ਅਤੇ ਵਿਕਾਸ-ਕੇਂਦਿ੍ਤ ਅਗਵਾਈ ਦੀ ਲੋੜ ਹੈ | ਉਨ੍ਹਾਂ ਐਨ.ਆਰ.ਆਈ. ਭਾਈਚਾਰੇ ਨੂੰ ਸੂਬੇ ਵਿਚ ਆਰਥਿਕ ਤਰੱਕੀ, ਉਦਯੋਗਿਕ ਨਿਵੇਸ਼ ਅਤੇ ਸੁਰੱਖਿਆ ਦੀ ਬਹਾਲੀ ਲਈ 'ਡਬਲ ਇੰਜਣ ਸਰਕਾਰ' ਦਾ ਸਮਰਥਨ ਕਰਨ ਦੀ ਅਪੀਲ ਕੀਤੀ | ਉਨ੍ਹਾਂ ਭਰੋਸਾ ਦਿੱਤਾ ਕਿ ਭਾਜਪਾ ਸ਼ਾਸਿਤ ਰਾਜਾਂ ਵਾਂਗ ਪੰਜਾਬ ਵਿਚ ਵੀ ਐਨ.ਆਰ.ਆਈ. ਭਾਈਚਾਰੇ ਨੂੰ ਸਮਾਨ ਅਧਿਕਾਰ ਅਤੇ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ, ਉਨ੍ਹਾਂ ਦੇ ਨਿਵੇਸ਼ ਦੀ ਰੱਖਿਆ ਯਕੀਨੀ ਬਣਾਈ ਜਾਵੇਗੀ ਅਤੇ ਪਾਰਦਰਸ਼ੀ ਤੇ ਵਿਕਾਸਮੁਖੀ ਵਾਤਾਵਰਨ ਮੁਹੱਈਆ ਕਰਵਾਇਆ ਜਾਵੇਗਾ | ਇਸ ਮੌਕੇ ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ, ਕੌਮੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ, ਕੌਮੀ ਕੋਰ ਕਮੇਟੀ ਮੈਂਬਰ (ਵਿਦੇਸ਼ ਮਾਮਲੇ ਵਿਭਾਗ) ਅਸ਼ਵਨੀ ਜੌਹਰ, ਸਾਬਕਾ ਰਾਸ਼ਟਰੀ ਉਪ ਪ੍ਰਧਾਨ ਅਤੇ ਸਾਬਕਾ ਸੂਬਾ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਸਾਬਕਾ ਮੰਤਰੀ ਅਤੇ ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ, ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਰਾਣਾ ਸੋਢੀ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸਾਬਕਾ ਵਿਧਾਇਕ ਅਤੇ ਸੂਬਾ ਮੀਤ ਪ੍ਰਧਾਨ ਫ਼ਤਿਹ ਜੰਗ ਸਿੰਘ ਬਾਜਵਾ, ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਕੌਮੀ ਕੌਂਸਲ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ, ਹੌਬੀ ਧਾਲੀਵਾਲ, ਭਾਜਪਾ ਪੰਜਾਬ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ, ਸੂਬਾ ਬੁਲਾਰਾ ਚੇਤਨ ਮੋਹਨ ਜੋਸ਼ੀ, ਗੁਰਦਰਸ਼ਨ ਸੈਣੀ, ਚਰਨਜੀਤ ਸਿੰਘ ਬਰਾੜ ਆਦਿ ਹਾਜ਼ਰ ਸਨ |
ਅਸ਼ਵਨੀ ਸ਼ਰਮਾ ਵਲੋਂ ਐਨ.ਆਰ.ਆਈ. ਭਾਈਚਾਰੇ ਨੂੰ ਪੰਜਾਬ ਦੀ ਖ਼ੁਸ਼ਹਾਲੀ ਤੇ ਪੁਨਰ-ਨਿਰਮਾਣ 'ਚ ਸਾਥ ਦੇਣ ਦਾ ਸੱਦਾ
ਅਜੀਤ ਡੈਸਕ
15-02-2026