ਲੁਧਿਆਣਾ, 15 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਢੰਡਾਰੀ ਖ਼ੁਰਦ ਦੀ ਦੀਪ ਕਾਲੋਨੀ ਵਿਚ ਕਲਯੁਗੀ ਪੁੱਤ ਵਲੋਂ ਆਪਣੇ ਪਿਓ ਦੀ ਹੱਤਿਆ ਕਰ ਦੇਣ ਦੀ ਖ਼ਬਰ ਹੈ | ਮਿ੍ਤਕ ਦੀ ਪਛਾਣ ਸਿਕੰਦਰ ਚੌਹਾਨ (44) ਵਜੋਂ ਹੋਈ ਹੈ | ਇਹ ਘਟਨਾ ਐਤਵਾਰ ਦੁਪਹਿਰ ਬਾਅਦ ਉਸ ਵਕਤ ਵਾਪਰੀ, ਜਦੋਂ ਉਮੇਸ਼ ਨਸ਼ੇ ਵਿਚ ਘਰ ਵਾਪਸ ਆਇਆ ਅਤੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਉਸ ਦਾ ਆਪਣੇ ਪਿਤਾ ਨਾਲ ਝਗੜਾ ਹੋ ਗਿਆ | ਰੌਲੇ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਦੋਵਾਂ ਨੂੰ ਸ਼ਾਂਤ ਕੀਤਾ | ਕੁਝ ਦੇਰ ਬਾਅਦ ਜਦੋਂ ਲੋਕ ਉਥੋਂ ਚਲੇ ਗਏ ਤਾਂ ਉਮੇਸ਼ ਵਲੋਂ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ ਗਈ, ਜਦੋਂ ਗੁਆਂਢ ਵਿਚ ਰਹਿਣ ਵਾਲੇ ਵਿਅਕਤੀ ਉਥੇ ਆਏ ਤਾਂ ਸਿਕੰਦਰ ਉਥੇ ਕਮਰੇ ਵਿਚ ਖ਼ੂਨ ਨਾਲ ਲੱਥ ਪੱਥ ਪਿਆ ਸੀ | ਉਸ ਦੀ ਧੌਣ 'ਤੇ ਤੇਜ਼ਧਾਰ ਹਥਿਆਰਾਂ ਦੇ ਕਈ ਨਿਸ਼ਾਨ ਸਨ | ਹੱਤਿਆ ਤੋਂ ਬਾਅਦ ਉਮੇਸ਼ ਮੌਕੇ ਤੋਂ ਫ਼ਰਾਰ ਹੋ ਗਿਆ | ਥਾਣਾ ਫੋਕਲ ਪੁਆਇੰਟ ਦੇ ਐਸ.ਐਚ.ਓ. ਕੁਲਬੀਰ ਸਿੰਘ ਨੇ ਦੱਸਿਆ ਕਿ ਉਮੇਸ਼ ਨੂੰ ਕਾਬੂ ਕਰਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਉਮੇਸ਼ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਦਾ ਪਿਤਾ ਉਸ ਦੀ ਮਾਂ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ, ਜਿਸ ਕਾਰਨ ਉਸ ਨੇ ਉਸ ਦੀ ਹੱਤਿਆ ਕੀਤੀ ਹੈ |
ਕਲਯੁਗੀ ਪੁੱਤ ਵਲੋਂ ਪਿਓ ਦੀ ਹੱਤਿਆ
ਸਿਕੰਦਰ ਚੌਹਾਨ<br/>
16-02-2026