20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਕਮਿਊਨਿਸਟ ਲਹਿਰ ਨੂੰ ਮਜ਼ਬੂਤ ਬਣਾਉਣ ਲਈ ਪੰਜਾਬ ਮੋਹਰੀ ਰੋਲ ਅਦਾ ਕਰੇ-ਡੀ. ਰਾਜਾ

ਅਜੀਤ ਡੈਸਕ 18-02-2026

ਸੀ.ਪੀ.ਆਈ. ਦੀ ਦੋ ਦਿਨਾ ਸੂਬਾ ਪੱਧਰੀ ਕਾਨਫ਼ਰੰਸ ਜਲੰਧਰ 'ਚ ਸ਼ੁਰੂ
ਜਲੰਧਰ, 17 ਫਰਵਰੀ (ਜਸਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਦੇ ਕੌਮੀ ਜਨਰਲ ਸਕੱਤਰ ਕਾਮਰੇਡ ਡੀ. ਰਾਜਾ ਨੇ ਇਥੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪਾਰਟੀ ਦੀ ਦੋ ਦਿਨਾ ਸੂਬਾ ਪੱਧਰੀ ਕਾਨਫ਼ਰੰਸ ਦੇ ਪਹਿਲੇ ਦਿਨ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਮਿਊਨਿਸਟ ਲਹਿਰ ਨੂੰ ਮਜ਼ਬੂਤ ਬਣਾਉਣ ਲਈ ਪੰਜਾਬ ਨੂੰ ਮੋਹਰੀ ਰੋਲ ਅਦਾ ਕਰਨ ਦਾ ਸੱਦਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਾਮਰੇਡ ਸਤਪਾਲ ਡਾਂਗ ਵਰਗੇ ਆਗੂਆਂ ਦੀ ਕਰਮ ਭੂਮੀ ਰਹੀ ਇਸ ਧਰਤੀ 'ਤੇ ਕਮਿਊਨਿਸਟ ਪਾਰਟੀ ਪਹਿਲਾਂ ਵੀ ਕਾਫੀ ਤਾਕਤਵਰ ਰਹੀ ਹੈ ਅਤੇ ਅੱਜ ਇਕ ਵਾਰ ਫਿਰ ਦਿੱਲੀ ਦੀਆਂ ਬਰੂਹਾਂ 'ਤੇ ਲੜੇ ਕਿਸਾਨ ਅੰਦੋਲਨ ਵਾਂਗ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਪੰਜਾਬ ਦੇ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ | ਇਸ ਮੌਕੇ ਉਨ੍ਹਾਂ ਸਾਲ 2027 'ਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਕਾਰਕੁੰਨਾਂ ਨੂੰ ਹੁਣ ਤੋਂ ਹੀ ਕਮਰਕੱਸੇ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਪਾਰਟੀ ਪੂਰੀ ਤਾਕਤ ਨਾਲ ਇਹ ਚੋਣਾਂ ਲੜੇਗੀ | ਦੱਸਣਯੋਗ ਹੈ ਕਿ ਇਸ ਸੈਸ਼ਨ ਦੀ ਪ੍ਰਧਾਨਗੀ ਸੀ. ਪੀ. ਆਈ. ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕੀਤੀ, ਜਦਕਿ ਮਹਿਮਾਨਾਂ ਦਾ ਸਵਾਗਤ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਵਲੋਂ ਕੀਤਾ ਗਿਆ | ਇਸ ਤੋਂ ਪਹਿਲਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਅੰਦਰ ਸੀਨੀਅਰ ਆਗੂ ਕਾਮਰੇਡ ਹਰਭਜਨ ਸਿੰਘ ਨੇ ਨਾਅਰਿਆਂ ਦੀ ਗੂੰਜ ਵਿਚ ਪਾਰਟੀ ਦਾ ਝੰਡਾ ਲਹਿਰਾਇਆ | ਇਸ ਮੌਕੇ ਉਨ੍ਹਾਂ ਦੀ ਪਤਨੀ ਨਰਿੰਦਰ ਪਾਲ ਕੌਰ ਪਾਲੀ ਵੀ ਮੌਜੂਦ ਸਨ | ਝੰਡੇ ਦੀ ਰਸਮ ਵੇਲੇ ਜਨਰਲ ਸਕੱਤਰ ਡੀ. ਰਾਜਾ ਤੇ ਡਾ. ਗਰੀਸ਼ ਸ਼ਰਮਾ ਅਤੇ ਪਾਰਟੀ ਦੀ ਸੂਬਾਈ ਲੀਡਰਸ਼ਿਪ ਵੀ ਹਾਜ਼ਰ ਸੀ | ਕਾਨਫ਼ਰੰਸ ਦੇ ਅਗਲੇ ਇਜਲਾਸ ਦੀ ਪ੍ਰਧਾਨਗੀ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਸੁਖਦੇਵ ਸ਼ਰਮਾ, ਬਲਦੇਵ ਸਿੰਘ ਨਿਹਾਲਗੜ੍ਹ, ਦੇਵੀ ਕੁਮਾਰੀ ਸਰਹਾਲੀ ਕਲਾਂ, ਰਾਜਿੰਦਰ ਪਾਲ ਕੌਰ ਤੇ ਚਰਨਜੀਤ ਛਾਂਗਾਰਾਏ ਨੇ ਕੀਤੀ | ਏਟਕ ਦੇ ਆਗੂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਸੀ.ਪੀ.ਆਈ. ਦੇ ਸਕੱਤਰੇਤ ਮੈਂਬਰ ਡਾ. ਗਰੀਸ਼ ਸ਼ਰਮਾ ਦਾ ਇਥੇ ਪੁੱਜਣ 'ਤੇ ਧੰਨਵਾਦ ਕੀਤਾ | ਕਾਮਰੇਡ ਡੀ. ਰਾਜਾ ਦੀ ਤਕਰੀਰ ਦਾ ਨਾਲੋ-ਨਾਲ ਪੰਜਾਬੀ 'ਚ ਉਲੱਥਾ ਐਡਵੋਕੇਟ ਹਰਚੰਦ ਬਾਠ ਨੇ ਕੀਤਾ |

ਪਿਛਲੀ ਖ਼ਬਰ ਨਵੀ ਮੁੰਬਈ ਵਿਖੇ ਸੀ.ਬੀ.ਐਸ.ਈ. 10ਵੀਂ ਦੀ ਪ੍ਰੀਖਿਆ ਅਗਲੀ ਖ਼ਬਰ ਦੇਸ਼ 'ਚ ਔਸਤਨ ਹਰ 8 ਮਿੰਟ 'ਚ ਇਕ ਬੱਚਾ ਹੋ ਰਿਹਾ ਹੈ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।