ਚੰਡੀਗੜ੍ਹ, 18 ਫਰਵਰੀ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਅਤੇ ਹਰਿਆਣਾ ਸਮੇਤ ਚੰਡੀਗੜ੍ਹ ਵਿਚ ਅੱਜ ਬੱਦਲਵਾਈ ਛਾਈ ਰਹੀ, ਜਦੋਂਕਿ ਹਰਿਆਣਾ ਦੇ ਕਰੀਬ ਸਾਰੇ ਜ਼ਿਲਿ੍ਹਆਂ ਅਤੇ ਪੰਜਾਬ ਦੇ ਕੁਝ ਇਲਾਕਿਆਂ ਵਿਚ ਤੇਜ਼ ਹਵਾਵਾਂ ਚੱਲੀਆਂ ਅਤੇ ਬੱਦਲਾਂ ਦੀ ਗਰਜ ਚਮਕ ਨਾਲ ਹਲਕਾ ਮੀਂਹ ਵੀ ਪਿਆ | ਪੰਜਾਬ 'ਚ ਮੰਗਲਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 25.6 ਡਿਗਰੀ ਸੈਲਸੀਅਸ ਲੁਧਿਆਣਾ ਵਿਖੇ ਅਤੇ ਹਰਿਆਣਾ ਵਿਚ 24.4 ਡਿਗਰੀ ਸੈਲਸੀਅਸ ਅੰਬਾਲਾ ਵਿਖੇ ਦਰਜ ਕੀਤਾ ਗਿਆ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਤੋਂ ਅਨੁਸਾਰ ਬੀਤੀ ਰਾਤ ਤੋਂ ਪੰਜਾਬ ਦੇ ਜ਼ਿਲਿ੍ਹਆਂ ਬਠਿੰਡਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਵਿਚ ਬੱਦਲਵਾਈ ਛਾਈ ਰਹੀ | ਰਾਤ ਸਮੇਂ ਬਠਿੰਡਾ 'ਚ 46, ਮਾਨਸਾ 'ਚ 39 ਅਤੇ ਸੰਗਰੂਰ 'ਚ 37 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲੀਆਂ, ਜਦੋਂਕਿ ਸੁਨਾਮ, ਮਾਨਸਾ, ਬਠਿੰਡਾ, ਧੂਰੀ, ਸੰਗਰੂਰ, ਲਹਿਰਾ, ਮੂਨਕ, ਪਾਤੜਾ ਅਤੇ ਬੁੱਢਲਾਡਾ ਵਿਚ 1.2 ਤੋਂ 2.4 ਐਮ.ਐਮ. ਤੱਕ ਮੀਂਹ ਰਿਕਾਰਡ ਕੀਤਾ ਗਿਆ | ਤੇਜ਼ ਹਵਾਵਾਂ ਚੱਲਣ ਕਾਰਨ ਇਨ੍ਹਾਂ ਜ਼ਿਲਿ੍ਹਆਂ ਦੇ ਕੁਝ ਇਲਾਕਿਆਂ ਵਿਚ ਕਣਕ ਅਤੇ ਤੇਲ ਬੀਜ ਫ਼ਸਲਾਂ ਡਿੱਗ ਗਈਆਂ ਅਤੇ ਸਬਜ਼ੀਆਂ ਦੇ ਬੂਟਿਆਂ ਨੂੰ ਵੀ ਨੁਕਸਾਨ ਪਹੁੰਚਿਆ |