ਵਿਸ਼ਾਖਾਪਟਨਮ, 18 ਫਰਵਰੀ (ਪੀ.ਟੀ.ਆਈ.)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਬੈ ਕਿ ਭਾਰਤੀ ਜਲ ਸੈਨਾ ਦੇਸ਼ ਦੇ ਸਮੁੰਦਰੀ ਹਿੱਤਾਂ ਦੀ ਰਾਖੀ ਲਈ ਚੌਕਸ ਹੈ ਤੇ ਵਿਆਪਕ ਸਮੁੰਦਰੀ ਵਪਾਰ 'ਚ ਸਥਿਰਤਾ 'ਚ ਯੋਗਦਾਨ ਪਾ ਰਹੀ ਹੈ | ਬੰਗਾਲ ਦੀ ਖਾੜੀ 'ਚ ਭਾਰਤੀ ਜਲ ਸੈਨਾ ਦੇ ਇਕ ਜੰਗੀ ਜਹਾਜ਼ 'ਤੇ ਵਾਈਜ਼ੈਗ ਤੱਟ ਤੋਂ ਬਾਹਰ ਅੰਤਰਰਾਸ਼ਟਰੀ ਫਲੀਟ ਸਮੀਖਿਆ ਦੀ ਪ੍ਰਧਾਨਗੀ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਸਮੁੰਦਰ 'ਚ ਪੈਦਾ ਹੋਣ ਵਾਲੇ ਖਤਰਿਆਂ ਤੇ ਚੁਣੌਤੀਆਂ ਵਿਰੁੱਧ ਰੋਕਥਾਮ ਤੇ ਬਚਾਅ ਦੇ ਇਕ ਭਰੋਸੇਯੋਗ ਸਾਧਨ ਵਜੋਂ ਕੰਮ ਕਰਨ ਲਈ ਇਸ ਖੇਤਰ 'ਚ ਤਾਇਨਾਤ ਹੈ | ਉਨ੍ਹਾਂ ਕਿਹਾ ਕਿ ਭਾਰਤੀ ਜਲ ਸੈਨਾ ਭਾਰਤ ਦੇ ਸਮੁੰਦਰੀ ਹਿੱਤਾਂ ਦੀ ਰਾਖੀ ਲਈ ਚੌਕਸ ਹੈ ਤੇ ਵਿਆਪਕ ਸਮੁੰਦਰੀ ਵਪਾਰ 'ਚ ਸਥਿਰਤਾ 'ਚ ਯੋਗਦਾਨ ਪਾ ਰਹੀ ਹੈ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਾਰਤੀ ਜਲ ਸੈਨਾ ਸਦਭਾਵਨਾ ਨੂੰ ਉਤਸ਼ਾਹਿਤ ਕਰਨ, ਦੁਨੀਆ ਭਰ ਦੀਆਂ ਜਲ ਸੈਨਾਵਾਂ ਨਾਲ ਵਿਸ਼ਵਾਸ, ਤੇ ਦੋਸਤੀ ਦੇ ਪੁਲ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ | ਰਾਸ਼ਟਰਪਤੀ ਅਨੁਸਾਰ ਵਿਸ਼ਾਖਾਪਟਨਮ, ਜਿਸ 'ਚ ਭਾਰਤੀ ਜਲ ਸੈਨਾ ਦੀ ਪੂਰਬੀ ਜਲ ਸੈਨਾ ਕਮਾਂਡ ਹੈ, ਦਾ ਇਕ ਸ਼ਾਨਦਾਰ ਸਮੁੰਦਰੀ ਅਤੀਤ ਹੈ | ਉਨ੍ਹਾਂ ਕਿਹਾ ਕਿ ਅੱਜ ਦਾ ਪ੍ਰੋਗਰਾਮ ਵਿਸ਼ਾਖਾਪਟਨਮ ਦੇ ਸਥਾਈ ਜਲ ਸੈਨਾ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ | ਜੰਗੀ ਜਹਾਜ਼ਾਂ ਦੇ ਪ੍ਰਭਾਵਸ਼ਾਲੀ ਬੇੜੇ ਤੇ ਭਾਰਤ ਦੇ ਜਲ ਸੈਨਾ ਕਰਮਚਾਰੀਆਂ ਤੇ ਦੋਸਤਾਨਾ ਜਲ ਸੈਨਾਵਾਂ ਦੁਆਰਾ ਪ੍ਰਦਰਸ਼ਨੀ ਨੂੰ ਦੇਖ ਕੇ ਖੁਸ਼ੀ ਪ੍ਰਗਟ ਕਰਦੇ ਹੋਏ ਮੁਰਮੂ ਨੇ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ |