ਚੰਡੀਗੜ੍ਹ, 19 ਫਰਵਰੀ (ਮਾਰਕੰਡਾ)-ਚੰਡੀਗੜ੍ਹ ਅਦਾਲਤ ਨੇ ਸ਼ੁਭਮ ਪ੍ਰਜਾਪਤੀ, ਮਨਜੀਤ ਅਤੇ ਰਾਜਨ ਉਰਫ਼ ਜਾਟ ਨੂੰ ਹੱਤਿਆ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਹੈ, ਜਿਨ੍ਹਾਂ ਨੂੰ ਸਜ਼ਾ 20 ਫਰਵਰੀ ਨੂੰ ਸੁਣਾਈ ਜਾਵੇਗੀ | ਦੱਸਣਯੋਗ ਹੈ ਕਿ ਰੀਅਲਟਰ ਤੇ ਪ੍ਰਾਪਰਟੀ ਕਾਰੋਬਾਰੀ ਰਾਜਵੀਰ ਉਰਫ਼ ਸੋਨੂੰ ਸ਼ਾਹ ਦੀ 28 ਸਤੰਬਰ, 2019 ਨੂੰ ਉਸ ਦੇ ਦਫ਼ਤਰ ਦੇ ਅੰਦਰ ਚਾਰ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦੋਂਕਿ ਜੋਗਿੰਦਰ ਫੇਲਵਾਨ ਅਤੇ ਰੋਮੀ ਵੀ ਗੋਲੀਬਾਰੀ ਵਿਚ ਜ਼ਖ਼ਮੀ ਹੋ ਗਏ ਸਨ | ਪੁਲਿਸ ਨੇ ਦੋਸ਼ ਲਗਾਇਆ ਸੀ ਕਿ ਸੋਨੂੰ ਸ਼ਾਹ ਦੀ ਹੱਤਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ 'ਤੇ ਕੀਤੀ ਗਈ ਸੀ | ਪੁਲਿਸ ਨੇ ਹੱਤਿਆ ਦੇ ਮਾਮਲੇ ਵਿਚ ਅੱਠ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਸੀ, ਜਿਨ੍ਹਾਂ 'ਚ ਵਿਚ ਲਾਰੈਂਸ ਬਿਸ਼ਨੋਈ, ਸ਼ੁੱਭਮ ਪ੍ਰਜਾਪਤੀ, ਮਨਜੀਤ, ਰਾਜਨ, ਧਰਮਿੰਦਰ ਸਿੰਘ, ਅਭਿਸ਼ੇਕ, ਰਾਜੂ ਬਸੋਦੀ ਅਤੇ ਦੀਪਕ ਸ਼ਾਮਿਲ ਸਨ | ਇਨ੍ਹਾਂ ਸਾਰਿਆਂ ਵਿਰੁੱਧ 2022 ਵਿਚ ਦੋਸ਼ ਤੈਅ ਕੀਤੇ ਗਏ ਸਨ | ਚੰਡੀਗੜ੍ਹ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਬਰੀ ਕਰ ਦਿੱਤਾ ਹੈ | ਲਾਰੈਂਸ ਦੇ ਵਕੀਲ ਤਰਮਿੰਦਰ ਸਿੰਘ, ਮਨਜਿੰਦਰ ਬਰਾੜ ਅਤੇ ਅਭੈ ਜੋਸ਼ੀ ਨੇ ਦੱਸਿਆ ਕਿ ਬਿਸ਼ਨੋਈ ਪਿਛਲੇ 12 ਸਾਲਾਂ ਤੋਂ ਜੇਲ੍ਹ ਵਿਚ ਬੰਦ ਹੈ | ਉਸ ਦਾ ਮੁਲਜ਼ਮ ਨਾਲ ਕੋਈ ਸੰਬੰਧ ਨਹੀਂ ਹੈ |