25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਮਸਨੂਈ ਬੁੱਧੀ ਦੀ ਤਕਨੀਕ ਨੂੰ ਹੋਰ ਸਟੀਕ ਤੇ ਭਰੋਸੇਯੋਗ ਬਣਾਉਣ ਦੀ ਲੋੜ-ਡਾ. ਕਰਮਜੀਤ ਸਿੰਘ <br/>

ਅਜੀਤ ਡੈਸਕ 28-02-2026

ਸਤਨਾਮ ਸਿੰਘ ਮਾਣਕ
ਜਸਪਾਲ ਸਿੰਘ

ਜਲੰਧਰ, 27 ਫਰਵਰੀ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਕਿਹਾ ਹੈ ਕਿ ਮੌਜੂਦਾ ਸਮਾਂ ਆਰਟੀਫਿਸ਼ਅਲ ਇੰਟੈਲੀਜੈਂਸ (ਏ. ਆਈ.) ਦਾ ਹੈ ਅਤੇ ਇਹ ਤਕਨੀਕ ਜਿਥੇ ਸਾਇੰਸ, ਸੂਚਨਾ ਤਕਨਾਲੋਜੀ ਤੇ ਜ਼ਿੰਦਗੀ ਦੇ ਹੋਰਨਾਂ ਖੇਤਰਾਂ 'ਚ ਕਾਫੀ ਅਹਿਮੀਅਤ ਹਾਸਲ ਕਰ ਚੁੱਕੀ ਹੈ, ਉਥੇ ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਵਿਰਸੇ ਨੂੰ ਸੰਭਾਲਣ ਅਤੇ ਉਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ 'ਚ ਵੀ ਬੇਹੱਦ ਕਾਰਗਰ ਸਾਬਤ ਹੋ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਕਰਮਜੀਤ ਸਿੰਘ ਨੇ 'ਅਜੀਤ' ਭਵਨ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕਰਦਿਆਂ ਕਿਹਾ ਕਿ ਬੇਸ਼ੱਕ ਉੱਚੇਰੀ ਸਿੱਖਿਆ ਤੇ ਖਾਸ ਕਰਕੇ ਕਿੱਤਾਮੁਖੀ ਸਿੱਖਿਆ ਦੇ ਖੇਤਰ 'ਚ ਮਸਨੂਈ ਬੁੱਧੀ (ਏ.ਆਈ.) ਦੀ ਵਰਤੋਂ ਵਿਦਿਆਰਥੀਆਂ ਲਈ ਕਾਫੀ ਲਾਹੇਵੰਦ ਸਾਬਤ ਹੋ ਰਹੀ ਹੈ ਪਰ ਫਿਰ ਵੀ ਜਦ ਤੱਕ ਇਸ ਤਕਨੀਕ ਨੂੰ ਹੋਰ ਭਰੋਸੇਯੋਗ ਨਹੀਂ ਬਣਾਇਆ ਜਾਂਦਾ, ਤਦ ਤੱਕ ਇਸ ਦਾ ਪੂਰਾ ਫਾਇਦਾ ਨਹੀਂ ਲਿਆ ਜਾ ਸਕਦਾ | ਉਨ੍ਹਾਂ ਏ. ਆਈ. ਤਕਨੀਕ ਨੂੰ ਹੋਰ ਸਟੀਕ ਤੇ ਭਰੋਸੇਯੋਗ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਤਕਨੀਕ ਦੀ ਵਰਤੋਂ ਨਾਲ ਜਿਥੇ ਆਮ ਜ਼ਿੰਦਗੀ ਨੂੰ ਆਸਾਨ ਬਣਾਇਆ ਜਾ ਸਕਦਾ ਹੈ, ਉਥੇ ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਵਧੇਰੇ ਪੈਦਾ ਹੋਣਗੇ | ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਹਾਲ ਹੀ 'ਚ ਯੂਨੀਵਰਸਿਟੀ ਵਲੋਂ ਤਿੰਨ ਦਿਨਾ ਕਾਨਫਰੰਸ 'ਚ ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਮਸਨੂਈ ਬੁੱਧੀ ਸੰਬੰਧੀ ਵੀ ਇਕ ਵਿਸ਼ੇਸ਼ ਸ਼ੈਸ਼ਨ ਕਰਵਾਇਆ ਗਿਆ ਸੀ ਅਤੇ ਇਸ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਮਸਨੂਈ ਬੁੱਧੀ ਨੂੰ ਹੋਰ ਕਾਰਗਰ ਤੇ ਅਸਰਦਾਰ ਬਣਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਕਈ ਵਾਰ ਦੇਖਣ ਆਇਆ ਹੈ ਕਿ ਮਸਨੂਈ ਬੁੱਧੀ ਵਲੋਂ ਗੁਰਬਾਣੀ ਸੰਬੰਧੀ ਤੱਥ ਸਹੀ ਤਰੀਕੇ ਨਾਲ ਪੇਸ਼ ਨਹੀਂ ਕੀਤੇ ਜਾਂਦੇ, ਜਿਸ ਨਾਲ ਲੋਕਾਂ ਅੰਦਰ ਭਰਮ ਭੁਲੇਖੇ ਪੈਦਾ ਹੁੰਦੇ ਹਨ ਤੇ ਅਜਿਹੇ 'ਚ ਇਸ ਤਕਨੀਕ 'ਚ ਸੁਧਾਰ ਕਰਨ ਦੀ ਲੋੜ ਹੈ | ਇਸ ਮੌਕੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਵਲੋਂ ਵਿਆਪਕ ਯੋਜਨਾ ਉਲੀਕੀ ਗਈ ਹੈ ਤੇ ਇਸ ਸੰੰਬੰੰਧੀ ਜਿਥੇ ਇਕ ਅਜਿਹਾ ਸਾਫਟਵੇਅਰ ਤਿਆਰ ਕੀਤਾ ਗਿਆ ਹੈ, ਜੋ ਵਿਦੇਸ਼ਾਂ 'ਚ ਰਹਿੰਦੇ ਪ੍ਰਵਾਸੀ ਪੰਜਾਬੀਆਂ ਦੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦਾ ਕੰਮ ਕਰੇਗਾ | ਇਸ ਸੰਬੰਧੀ ਪੰਜਾਬੀ ਦੀ ਪੜ੍ਹਾਈ ਕਰਨ ਵਾਲੇ ਬੱਚਿਆਂ ਨੂੰ ਬਾਕਾਇਦਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ 'ਚ ਜਿਥੇ ਸਾਇੰਸ ਤੇ ਸੂਚਨਾ ਤਕਨਾਲੋਜੀ ਨੂੰ ਮਹੱਤਵ ਦਿੱਤਾ ਗਿਆ ਹੈ, ਉਥੇ ਮਾਤ ਭਾਸ਼ਾ ਨੂੰ ਵੀ ਪ੍ਰਮੁੱਖਤਾ ਦਿੱਤੀ ਗਈ ਹੈ ਅਤੇ ਉਸ ਦੇ ਆਧਾਰ 'ਤੇ ਯੂਨੀਵਰਸਿਟੀ ਮਾਤ ਭਾਸ਼ਾ ਪੰਜਾਬੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਖੋਜ-ਪੜਤਾਲ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ, ਕਿ ਸਾਇੰਸ, ਕਾਮਰਸ ਤੇ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਨੂੰ ਸੰਵੇਦਨਸ਼ੀਲ ਬਣਾਉਣ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੋੜੇ ਰੱਖਣ ਲਈ ਮਾਤ ਭਾਸ਼ਾ ਦੀ ਜਾਣਕਾਰੀ ਅਹਿਮ ਰੋਲ ਅਦਾ ਕਰਦੀ ਹੈ | ਐਮ. ਏ. ਪੰਜਾਬੀ ਦੀ ਪੜ੍ਹਾਈ ਤੋਂ ਬਾਅਦ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਮੀਡੀਆ ਤੇ ਹੋਰਨਾਂ ਖੇਤਰਾਂ 'ਚ ਵੀ ਆਪਣਾ ਭਵਿੱਖ ਬਣਾਉਣ ਦੇ ਮੌਕੇ ਪ੍ਰਦਾਨ ਕਰਨ ਲਈ ਵੀ ਯੂਨੀਵਰਸਿਟੀ ਯੋਜਨਾ ਉਲੀਕ ਰਹੀ ਹੈ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਸਨੂਈ ਬੁੱਧੀ ਦੀ ਤਕਨੀਕ ਨਾਲ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਵੀ ਘਰ-ਘਰ ਤੱਕ ਪਹੁੰਚਾਉਣ ਦਾ ਉਪਰਾਲਾ ਯੂਨੀਵਰਸਿਟੀ ਕਰ ਰਹੀ ਹੈ | ਇਸ ਮੌਕੇ ਉਨ੍ਹਾਂ ਨੌਜਵਾਨਾਂ ਦੇ ਭਟਕਣ ਤੇ ਅਪਰਾਧਿਕ ਕਾਰਵਾਈਆਂ 'ਚ ਸ਼ਾਮਿਲ ਹੋਣ ਪਿਛੇ ਖਿੰਡ ਰਹੇ ਪਰਿਵਾਰ, ਸਿੱਖਿਆ 'ਚੋਂ ਮਨਫੀ ਹੁੰਦੀ ਜਾ ਰਹੀ ਨੈਤਿਕਤਾ ਤੇ ਮਾਪਿਆਂ ਵਲੋਂ ਬੱਚਿਆਂ ਵੱਲ ਪੂਰਾ ਧਿਆਨ ਨਾ ਦੇਣਾ ਆਦਿ ਅਹਿਮ ਕਾਰਨ ਹਨ, ਉਥੇ ਇਨ੍ਹਾਂ ਵਿਚੋਂ ਸਭ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਹੈ | ਉਨ੍ਹਾਂ ਕਿਹਾ ਕਿ ਅੱਜ ਸਾਡੇ ਰਹਿਣ-ਸਹਿਣ ਦਾ ਪੱਧਰ ਤਾਂ ਵਧ ਗਿਆ ਹੈ ਪਰ ਆਮਦਨ ਦੇ ਵਸੀਲੇ ਉਹੀ ਹੋਣ ਕਾਰਨ ਨੌਜਵਾਨ ਨਿਰਾਸ਼ਾ ਤੇ ਹਤਾਸ਼ਾ ਦੇ ਆਲਮ 'ਚ ਹੈ, ਅਜਿਹੇ 'ਚ ਉਨ੍ਹਾਂ ਲਈ ਸਭ ਤੋਂ ਪਹਿਲਾਂ ਰੁਜ਼ਗਾਰ ਦਾ ਪ੍ਰਬੰਧ ਕਰਨਾ ਹੋਵੇਗਾ ਅਤੇ ਇਸ ਕੰਮ ਲਈ ਸਿੱਖਿਆ ਨੂੰ ਕਿੱਤਾਮੁਖੀ ਬਣਾਇਆ ਜਾਣਾ ਚਾਹੀਦਾ ਹੈ, ਜਿਸ ਲਈ ਮਸਨੂਈ ਬੁੱਧੀ ਅਹਿਮ ਰੋਲ ਅਦਾ ਕਰ ਸਕਦੀ ਹੈ | ਇਸ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੁਨਰਮੰਦ ਬਣਨ ਲਈ ਵੀ ਬਰਾਬਰ ਦੇ ਮੌਕੇ ਮਿਲਣਗੇ | ਇਸ ਮੌਕੇ ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਫੰਡਾਂ ਦੀ ਘਾਟ ਕਾਰਨ ਯੂਨੀਵਰਸਿਟੀ ਵਲੋਂ ਕੀਤੇ ਜਾਣ ਵਾਲੇ ਖੋਜ ਕਾਰਜਾਂ 'ਤੇ ਅਸਰ ਪੈਂਦਾ ਹੈ, ਜਿਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਯੂਨੀਵਰਸਿਟੀ ਨੂੰ ਵਧ ਤੋਂ ਵਧ ਫੰਡ ਜਾਰੀ ਕਰੇ | ਡਾ. ਕਰਮਜੀਤ ਸਿੰਘ ਨੇ ਆਪਣੀ ਹਾਲ ਹੀ 'ਚ ਪ੍ਰਕਾਸ਼ਿਤ ਪੁਸਤਕ 'ਮੈਡੀਟੇਸ਼ਨ ਟੂ ਮਰਟਾਇਰਡਮ ਦ ਲੀਗੇਸੀ ਆਫ ਸ੍ਰੀ ਗੁਰੂ ਤੇਗ ਬਹਾਦਰ ਜੀ' ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਪੁਸਤਕ 'ਚ ਜਿਥੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਵੱਖ-ਵੱਖ ਪੱਖਾਂ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਗਿਆ ਹੈ, ਉਥੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪੁਸਤਕ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਸ਼ਾਮਿਲ ਕੀਤੇ ਗਏ ਹਨ ਤੇ ਉਨਵਾਂ ਦੇ ਨਾਲ 'ਕਿਊ ਆਰ' ਕੋਡ ਵੀ ਦਿੱਤੇ ਗਏ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਪਾਠਕ ਯੂ-ਟਿਊਬ 'ਤੇ ਜਾ ਕੇ ਭਾਈ ਨਰਿੰਦਰ ਸਿੰਘ ਦੀ ਆਵਾਜ਼ ਵਿਚ ਉਹ ਨਿਰਧਾਰਤ ਰਾਗਾਂ ਵਿਚ ਸ਼ਬਦ ਸੁਣ ਸਕਦੇ ਹਨ |

ਪਿਛਲੀ ਖ਼ਬਰ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ <br/> ਅਗਲੀ ਖ਼ਬਰ ਪੰਜਾਬ ਸਕੱਤਰੇਤ ਤੇ ਚੰਡੀਗੜ੍ਹ ਦੇ ਸਕੂਲਾਂ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।