ਸ੍ਰੀ ਅਨੰਦਪੁਰ ਸਾਹਿਬ, 28 ਫਰਵਰੀ (ਕਰਨੈਲ ਸਿੰਘ/ਜੇ.ਐਸ. ਨਿੱਕੂਵਾਲ)-ਕੌਮੀ ਜੋੜ ਮੇਲਾ ਅਤੇ ਤਿਉਹਾਰ ਹੋਲਾ ਮਹੱਲਾ ਸੰਬੰਧੀ ਡੇਰਾ ਗੁਰਦੁਆਰਾ ਟਿੱਬਾ ਸਾਹਿਬ ਚੱਕ ਹੋਲਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਇਸ ਸੰਬੰਧੀ ਗੁਰਦੁਆਰਾ ਟਿੱਬਾ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਕਰਮਜੀਤ ਸਿੰਘ ਅਤੇ ਸੰਤ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਹੋਲਾ ਮਹੱਲਾ ਸੰਬੰਧੀ ਅਖੰਡ ਪਾਠਾਂ ਦੀ ਲੜੀ ਆਰੰਭ ਹੋ ਗਈ ਹੈ, ਜਿਸ ਦੀ ਸੰਪੂਰਨਤਾ 5 ਮਾਰਚ ਨੂੰ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨਾ 'ਚ ਪੰਥ ਪ੍ਰਸਿੱਧ ਕੀਰਤਨੀ, ਢਾਡੀ, ਕਵਿਸ਼ਰੀ ਜਥਿਆਂ ਅਤੇ ਹੋਰ ਸ਼ਖ਼ਸੀਅਤਾਂ ਵਲੋਂ ਸੰਗਤਾਂ ਨੰੂ ਗੁਰਬਾਣੀ ਸ਼ਬਦ ਕੀਰਤਨ, ਸਿੱਖ ਇਤਿਹਾਸ ਅਤੇ ਕਥਾ ਵਿਚਾਰਾਂ ਨਾਲ ਨਿਹਾਲ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ 'ਚ ਆਉਂਦੀਆਂ ਸੰਗਤਾਂ ਦੀ ਰਿਹਾਇਸ਼, ਲੰਗਰ ਆਦਿ ਦੇ ਪ੍ਰਬੰਧ ਕਰ ਲਏ ਗਏ ਹਨ ਅਤੇ ਸੰਗਤਾਂ ਦੀ ਵੀ ਭਾਰੀ ਆਮਦ ਸ਼ੁਰੂ ਹੋ ਗਈ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਵੀ ਤਰ੍ਹਾਂ ਦੇ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਹੋਲਾ ਮਹੱਲਾ ਦੀ ਅਰੰਭਤਾ ਮੌਕੇ 2 ਮਾਰਚ ਨੂੰ ਸਮੂਹ ਨਿਰਮਲ ਭੇਖ ਵਲੋਂ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛੱਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਸਿੱਖ ਸਪ੍ਰੰਦਾਵਾਂ ਅਤੇ ਸਮੂਹ ਸਿੱਖ ਜਥੇਬੰਦੀਆਂ ਦੀ ਰਹਿਨੁਮਾਈ ਵਿਚ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਟਿੱਬਾ ਸਾਹਿਬ ਚੱਕ ਹੋਲਗੜ੍ਹ ਸ੍ਰੀ ਅਨੰਦਪੁਰ ਸਾਹਿਬ ਤੋਂ ਸਵੇਰੇ 9 ਵਜੇ ਸ਼ੁਰੂ ਹੋਵੇਗਾ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਹੁਮਹੁਮਾ ਕੇ ਇਨ੍ਹਾਂ ਗੁਰਮਤਿ ਸਮਾਗਮਾਂ ਵਿਚ ਆਪਣੀ ਹਾਜ਼ਰੀ ਭਰਨ | ਇਸ ਮੌਕੇ ਭਾਈ ਸਤਵੰਤ ਸਿੰਘ ਮੁੱਖ ਗ੍ਰੰਥੀ, ਚੂਹੜ ਸਿੰਘ ਯੂ.ਕੇ, ਅਮਰੀਕ ਸਿੰਘ ਹੋਠੀ, ਬੀਬੀ ਦਲਜੀਤ ਕੌਰ, ਬੀਬੀ ਹਰਬੰਸ ਕੌਰ, ਬੀਬੀ ਨਿਰਮਲ ਕੌਰ ਹੋਠੀ, ਹਰਦੀਸ਼ ਕੌਰ ਹੋਂਠੀ, ਬਲਵੀਰ ਕੌਰ, ਦਰਸ਼ਨ ਕੌਰ, ਕਰਨਪ੍ਰੀਤ ਕੌਰ, ਹਰਮਨ ਸਿੰਘ, ਬਲਵੀਰ ਸਿੰਘ, ਮੋਹਨ ਸਿੰਘ, ਰਾਜਨ ਸਿੰਘ, ਰਵਿੰਦਰ ਕੌਰ, ਚਰਨਜੀਤ ਕੌਰ, ਸੁਰਿੰਦਰ ਕੌਰ, ਰਾਜਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |