ਬਾਬਾ ਹਰਨਾਮ ਸਿੰਘ ਖ਼ਾਲਸਾ ਵਲੋਂ ਆਈਆਂ ਸ਼ਖ਼ਸੀਅਤਾਂ ਦਾ ਸਨਮਾਨ <br/>
ਅਜੀਤ ਡੈਸਕ
01-03-2026
ਨਵੀਂ ਮੁੰਬਈ (ਮਹਾਰਾਸ਼ਟਰ), 28 ਫਰਵਰੀ-ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 2 ਰੋਜ਼ਾ ਗੁਰਮਤਿ ਸਮਾਗਮਾਂ ਦੀ ਆਰੰਭਤਾ ਅੱਜ ਗੁਰ ਮਰਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਵੀਂ ਮੁੰਬਈ (ਖਾਰਗਰ) ਵਿਖੇ ਮਹਾਰਾਸ਼ਟਰ ਸਰਕਾਰ ਵਲੋਂ 200 ਏਕੜ 'ਚ ਤਿਆਰ ਕੀਤੇ ਗਏ ਸੁੰਦਰ ਤੇ ਵਿਸ਼ਾਲ ਪੰਡਾਲ 'ਚ ਹੋ ਗਈ | ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਦਿਸ਼ਾਂ-ਨਿਰਦੇਸ਼ਾਂ 'ਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਸਰਪ੍ਰਸਤ ਸ਼ਤਾਬਦੀ ਸਮਾਗਮ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ 'ਹਿੰਦ ਦੀ ਚਾਦਰ' ਸਿਰਲੇਖ ਤਹਿਤ ਕਰਵਾਏ ਜਾ ਰਹੇ ਸ਼ਹੀਦੀ ਸ਼ਤਾਬਦੀ ਸਮਾਗਮਾਂ 'ਚ ਜਿਥੇ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਗਿਆਨੀ ਗੁਰਦਿਆਲ ਸਿੰਘ ਮੀਤ ਹੈੱਡ ਗ੍ਰੰਥੀ ਸ੍ਰੀ ਪਟਨਾ ਸਾਹਿਬ, ਚੇਅਰਮੈਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਵਿਜੇ ਸਤਬੀਰ ਸਿੰਘ, ਯੋਗਾ ਗੁਰੂ ਸਵਾਮੀ ਬਾਬਾ ਰਾਮਦੇਵ, ਚੇਅਰਮੈਨ ਜਸਪਾਲ ਸਿੰਘ ਸਿੱਧੂ, ਚਰਨਦੀਪ ਸਿੰਘ ਹੈਪੀ ਮੈਂਬਰ ਘੱਟ ਗਿਣਤੀ ਕਮਿਸ਼ਨ, ਬਾਬੂ ਸਿੰਘ ਮਹਾਰਾਜ, ਹਰਦੀਪ ਸਿੰਘ ਗਿੱਲ ਉਪ ਚੇਅਰਮੈਨ ਕੌਮੀ ਸਫਾਈ ਕਮਿਸ਼ਨ ਭਾਰਤ ਸਰਕਾਰ, ਮਹੰਤ ਰਘੂ ਮੁਨੀ, ਰਾਮੇਸ਼ਵਰ ਨਾਇਕ ਕੈਬਨਿਟ ਮੰਤਰੀ ਸਮੇਤ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ, ਉਥੇ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਕਵੀਸ਼ਰ, ਢਾਡੀ ਤੇ ਕਥਾਵਾਚਕ ਸਾਹਿਬਾਨ ਨੇ ਸ਼ਰਧਾਲੂਆਂ ਨਾਲ ਗੁਰ
ਪੰਜਾਬ ਸਫ਼ੇ ਦੀ ਬਾਕੀ
ਇਤਿਹਾਸ ਦੀ ਸਾਂਝ ਪਾਈ | ਇਸ ਦੌਰਾਨ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਮਹਾਰਾਸ਼ਟਰ ਸਰਕਾਰ ਤੇ ਸੰਗਤ ਦਾ ਧੰਨਵਾਦ ਕਰਦਿਆਂ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ |
ਗੁਰੂ ਜੀ ਦੀ ਸ਼ਹਾਦਤ ਨੇ ਬਚਾਈ ਸਨਾਤਨ ਧਰਮ ਦੀ ਹੋਂਦ-ਸਵਾਮੀ ਰਾਮਦੇਵ
ਸ਼ਹੀਦੀ ਸ਼ਤਾਬਦੀ ਸਮਾਗਮ ਦੌਰਾਨ ਕੇਸਰੀ ਦਸਤਾਰ ਸਜਾਕੇ ਹਾਜ਼ਰੀ ਭਰਨ ਆਏ ਯੋਗਾ ਗੁਰੂ ਸਵਾਮੀ ਰਾਮਦੇਵ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਦੇ ਪਰਉਪਕਾਰਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ, ਕਿਉਂਕਿ ਗੁਰੂ ਤੇਗ਼ ਬਹਾਦੁਰ ਜੀ ਨੇ ਜਿਥੇ ਆਪਣਾ ਸੀਸ ਬਲੀਦਾਨ ਦੇ ਕੇ ਸਨਾਤਨ ਧਰਮ ਦੀ ਰੱਖਿਆ ਕੀਤੀ, ਉਥੇ ਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰ ਕੇ ਦੇਸ਼ ਅੰਦਰ ਜਬਰ ਜ਼ੁਲਮ ਅਤੇ ਹੱਕਾਂ ਦੀ ਰਾਖੀ ਲਈ ਲੜਣ ਦਾ ਜਜ਼ਬਾ ਪੈਦਾ ਕੀਤਾ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਵਿਸ਼ਵ 'ਚ ਸ਼ਾਂਤੀ ਬਹਾਲ ਕਰਨ ਲਈ ਗੁਰੂ ਸਾਹਿਬਾਨ ਦੇ ਮਾਰਗਦਰਸ਼ਨ ਦੀ ਲੋੜ ਹੈ | ਰਾਮਦੇਵ ਨੇ ਕਿਹਾ ਕਿ ਯੂਨੀਵਰਸਿਟੀ ਆਫ਼ ਪਤੰਜਲੀ 'ਚ ਗੁਰੂ ਗੋਬਿੰਦ ਸਿੰਘ ਚੇਅਰ ਵੀ ਸਥਾਪਿਤ ਕੀਤੀ ਗਈ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਪਰਉਪਕਾਰਾਂ ਤੋਂ ਜਾਣੂ ਕਰਵਾਇਆ ਜਾ ਸਕੇ |
ਮਰਯਾਦਾ ਅਨੁਸਾਰ ਆਰੰਭ ਹੋਏ ਇਤਿਹਾਸਕ ਸ਼ਤਾਬਦੀ ਸਮਾਗਮ
ਮੁੱਖ ਪੰਡਾਲ ਉਵੇਂ ਮੈਦਾਨ ਵਿਖੇ ਮਰਯਾਦਾ ਅਨੁਸਾਰ ਤਕਰੀਬਨ 10 ਵਜੇ ਗੁਰਮਤਿ ਸਮਾਗਮ ਆਰੰਭ ਹੋਏ | ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੀ ਦੇ ਪ੍ਰਕਾਸ਼ ਕੀਤੇ ਗਏ ਅਤੇ ਸ੍ਰੀ ਅਨੰਦ ਸਾਹਿਬ ਦੇ ਪਾਠ ਉਪਰੰਤ ਆਰੰਭਤਾ ਦੀ ਅਰਦਾਸ ਹੋਈ | ਇਸ ਮੌਕੇ ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ, ਭਾਈ ਚਮਨਜੀਤ ਸਿੰਘ ਲਾਲ, ਭਾਈ ਉਂਕਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਾਰਜ ਸਿੰਘ, ਭਾਈ ਜਸਕਰਨ ਸਿੰਘ ਨੇ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ, ਜਦਕਿ ਪੰਥ ਪ੍ਰਸਿੱਧ ਕਵੀਸ਼ਰ ਭਾਈ ਕੇਵਲ ਸਿੰਘ ਮਹਿਤਾ, ਢਾਡੀ ਤਰਲੋਚਨ ਸਿੰਘ ਭੁਮੱਦੀ ਨੇ ਸੰਗਤ ਨਾਲ ਗੁਰ ਇਤਿਹਾਸ ਦੀ ਸਾਂਝ ਪਾਈ | ਸਮਾਗਮ ਦੌਰਾਨ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਤਸਵੀਰਾਂ ਦੀ ਪ੍ਰਦਰਸ਼ਨੀ, ਡਿਜਿਟਲ ਪ੍ਰਦਰਸ਼ਨੀ, ਇਤਿਹਾਸਿਕ ਮਿਊਜ਼ੀਅਮ ਅਤੇ ਖ਼ਾਲਸਾ ਦਲ ਵਲੋਂ ਵੀ ਗਤਕੇ ਦੇ ਜੌਹਰ ਦਿਖਾਏ ਗਏ | ਇਸ ਮੌਕੇ ਹਜ਼ੂਰੀ ਕਥਾਵਾਚਕ ਸ੍ਰੀ ਪਟਨਾ ਸਾਹਿਬ ਗਿਆਨੀ ਗਗਨਦੀਪ ਸਿੰਘ, ਪਿ੍. ਹਰਸ਼ਦੀਪ ਸਿੰਘ, ਅਵਤਾਰ ਸਿੰਘ ਬੁੱਟਰ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |
ਵੱਖ-ਵੱਖ ਮੁਲਕਾਂ ਤੋਂ ਪਹੁੰਚੇ ਸ਼ਰਧਾਲੂ
ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ 'ਚ ਸ਼ਾਮਿਲ ਹੋਣ ਲਈ ਵਿਸ਼ੇਸ਼ ਤੌਰ 'ਤੇ ਅਮਰੀਕਾ, ਕੈਨੇਡਾ, ਇੰਗਲੈਂਡ ਸਮੇਤ ਵੱਖ-ਵੱਖ ਮੁਲਕਾਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ | ਇਸ ਦੌਰਾਨ ਸੁਖਦੀਪ ਸਿੰਘ ਬੱਤਰਾ ਇੰਗਲੈਂਡ, ਜਗਜੀਤ ਸਿੰਘ ਇੰਗਲੈਂਡ, ਜੈਪਾਲ ਸਿੰਘ, ਰਣਜੀਤ ਸਿੰਘ ਸੰਗੋਚਲਾ, ਹਰਬੰਸ ਸਿੰਘ ਢਿੱਲੋਂ, ਰਣਜੀਤ ਸਿੰਘ ਅਮਰੀਕਾ, ਸਰਬਜੋਤ ਸਿੰਘ ਚਾਹਲ, ਗੁਰਪ੍ਰੀਤ ਸਿੰਘ ਬੈਂਸ ਕੈਨੇਡਾ, ਗੁਰਕਰਨ ਸਿੰਘ ਬੈਂਸ ਕੈਨੇਡਾ, ਮਨਕੀਰਤ ਸਿੰਘ ਬੈਂਸ ਕੈਨੇਡਾ, ਰਾਜਬੀਰ ਕੌਰ, ਤਾਜਵੀਰ ਸਿੰਘ ਗਰੇਵਾਲ, ਪੰਕਜਪ੍ਰੀਤ ਹੀਰਾ ਆਦਿ ਨੇ ਮਹਾਰਾਸ਼ਟਰ ਸਰਕਾਰ ਅਤੇ ਬਾਬਾ ਹਰਨਾਮ ਸਿੰਘ ਖ਼ਾਲਸਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬਾ ਪੱਧਰ 'ਤੇ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸਮਾਗਮ ਕਰਵਾਉਣ ਦਾ ਫੈਸਲਾ ਬੇਹੱਦ ਸ਼ਲਾਘਾਯੋਗ ਹੈ, ਕਿਉਂਕਿ ਇਨ੍ਹਾਂ ਸਮਾਗਮਾਂ ਰਾਹੀਂ ਮਨੁੱਖਤਾ ਨੂੰ ਗੁਰੂ ਤੇਗ਼ ਬਹਾਦੁਰ ਜੀ ਦੀ ਸ਼ਹਾਦਤ ਤੋਂ ਜਾਣੂ ਕਰਵਾਉਣ ਅਤੇ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਇਕ ਮੰਚ 'ਤੇ ਇਕੱਤਰ ਕਰਨ ਦਾ ਕਾਰਜ ਕੀਤਾ ਜਾ ਰਿਹਾ ਹੈ |
ਬਾਬਾ ਹਰਨਾਮ ਸਿੰਘ ਖ਼ਾਲਸਾ ਵਲੋਂ ਆਈਆਂ ਸ਼ਖ਼ਸੀਅਤਾਂ ਦਾ ਸਨਮਾਨ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵਲੋਂ ਸ਼ਤਾਬਦੀ ਸਮਾਗਮਾਂ ਲਈ ਬਣਾਈ ਗਈ ਵਿਸ਼ੇਸ਼ ਕਮੇਟੀ ਦੇ ਸਰਪ੍ਰਸਤ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼ਤਾਬਦੀ ਸਮਾਗਮਾਂ ਲਈ ਦਿੱਤੇ ਜਾ ਰਹੇ ਵਿਸ਼ੇਸ਼ ਸਹਿਯੋਗ ਲਈ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਧੰਨਵਾਦ ਕਰਦੇ ਹੋਏ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ | ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਤਾਬਦੀ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਚੁਅਲ ਤੌਰ 'ਤੇ ਸੰਗਤ ਨੂੰ ਸੰਬੋਧਨ ਕਰਨਗੇ, ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਮੇਤ ਹੋਰ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਧਾਰਮਿਕ ਸ਼ਖ਼ਸੀਅਤਾਂ ਪਹੁੰਚਣਗੀਆਂ |